ਨਵੀਂ ਦਿੱਲੀ: ਦੇਸ਼ ਵਿੱਚ ਲਗਾਤਾਰ ਸੜਕ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਜਿੰਨ੍ਹਾਂ ਨੂੰ ਰੋਕਣ ਦੀ ਲਈ ਸਰਕਾਰ ਨਵੇਂ ਨਿਯਮ ਲਿਆਉਂਦੀ ਰਹਿੰਦੀ ਹੈ ਤਾਂ ਕਿ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸਦੇ ਚੱਲਦੇ ਹੀ ਸਰਕਾਰ ਨੇ ਵਾਹਨਾਂ ਵਿੱਚ ਉਪਲਬਧ ਡਿਜ਼ਾਈਨ ਅਤੇ ਸਹੂਲਤਾਂ ਵਿੱਚ ਕੁਝ ਬਦਲਾਅ ਕਰਨ ਦਾ ਫੈਸਲਾ ਕੀਤਾ ਲਿਆ ਹੈ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਨਿਯਮਾਂ ਵਿੱਚ ਬਦਲਾਅ ਕੀਤੇ ਹਨ ਤੇ ਨਾਲ ਹੀ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਮੰਤਰਾਲੇ ਵੱਲੋਂ ਮੋਟਰਸਾਈਕਲ ਚਲਾਉਣ ਵਾਲਿਆਂ ਲਈ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਜਿੰਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਮੋਟਰਸਾਇਕਲ ਚਾਲਕ ਦੀ ਪਿਛਲੀ ਸੀਟ 'ਤੇ ਬੈਠੇ ਲੋਕਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪੜ੍ਹੋ ਕੀ ਹਨ ਨਵੇਂ ਨਿਯਮ
ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮੋਟਰਸਾਇਕਲ ਦੀ ਪਿਛਲੀ ਸੀਟ ਦੇ ਦੋਵੇਂ ਪਾਸੇ ਹੱਥ ਰੱਖਣਾ ਜ਼ਰੂਰੀ ਹੈ। ਹੱਥ ਫੜ ਕੇ ਬੈਠਣਾ ਪਿੱਛੇ ਬੈਠੇ ਸਵਾਰ ਦੀ ਸੁਰੱਖਿਆ ਲਈ ਹੈ। ਜੇ ਮੋਟਰਈਕਲ ਚਾਲਕ ਅਚਾਨਕ ਬ੍ਰੇਕ ਮਾਰਦਾ ਹੈ ਤਾਂ ਹੱਥ ਫੜਨਾ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਨਾਲ ਹੀ, ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਲਈ ਦੋਹਾਂ ਪਾਸਿਆਂ 'ਤੇ ਨਿਸ਼ਾਨ ਲਾਜ਼ਮੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਮੋਟਰਸਾਈਕਲ ਦੇ ਪਿਛਲੇ ਪਹੀਏ ਦੇ ਖੱਬੇ ਪਾਸੇ ਦੇ ਘੱਟੋ-ਘੱਟ ਅੱਧੇ ਹਿੱਸੇ ਨੂੰ ਸੁਰੱਖਿਅਤ ਢਕਿਆ ਜਾਵੇਗਾ ਤਾਂ ਜੋ ਪਿਛਲੇ ਸਵਾਰੀਆਂ ਦੇ ਕੱਪੜੇ ਪਿਛਲੇ ਪਹੀਏ ਵਿੱਚ ਨਾ ਫਸ ਜਾਣ।
ਮੰਤਰਾਲੇ ਨੇ ਮੋਟਰਸਾਈਕਲ ਵਿੱਚ ਹਲਕੇ ਕੰਟੇਨਰ ਲਗਾਉਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਕੰਟੇਨਰ ਦੀ ਲੰਬਾਈ 550 ਮਿਲੀਮੀਟਰ, ਚੌੜਾਈ 510 ਮਿਲੀਮੀਟਰ ਅਤੇ ਉਚਾਈ 500 ਮਿਲੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਕੰਟੇਨਰ ਪਿਛਲੇ ਯਾਤਰੀ ਦੇ ਸਥਾਨ 'ਤੇ ਰੱਖਿਆ ਗਿਆ ਹੈ, ਤਾਂ ਸਿਰਫ ਡਰਾਈਵਰ ਨੂੰ ਆਗਿਆ ਮਿਲੇਗੀ। ਭਾਵ ਕੋਈ ਹੋਰ ਸਵਾਰੀ ਮੋਟਰਸਾਈਕਲ 'ਤੇ ਨਹੀਂ ਹੋਵੇਗੀ। ਇਸ ਦੇ ਨਾਲ ਹੀ, ਜੇਕਰ ਇਸਨੂੰ ਪਿਛਲੀ ਸਵਾਰੀ ਦੇ ਸਥਾਨ ਦੇ ਪਿੱਛੇ ਰੱਖਿਆ ਜਾਂਦਾ ਹੈ, ਤਾਂ ਦੂਜੇ ਵਿਅਕਤੀ ਨੂੰ ਮੋਟਰਸਾਈਕਲ 'ਤੇ ਬੈਠਣ ਦੀ ਆਗਿਆ ਹੋਵੇਗੀ।
ਸਰਕਾਰ ਵੱਲੋਂ ਟਾਇਰਾਂ ਨੂੰ ਲੈਕੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ, 3.5 ਟਨ ਦੇ ਵੱਧ ਤੋਂ ਵੱਧ ਭਾਰ ਵਾਲੇ ਵਾਹਨਾਂ ਲਈ ਟਾਇਰ ਪ੍ਰੈਸ਼ਰ ਨਿਗਰਾਨੀ ਪ੍ਰਣਾਲੀ ਦਾ ਸੁਝਾਅ ਦਿੱਤਾ ਗਿਆ ਹੈ। ਇਸ ਸਿਸਟਮ ਵਿੱਚ ਸੈਂਸਰ ਰਾਹੀਂ, ਡਰਾਈਵਰ ਨੂੰ ਵਾਹਨ ਦੇ ਟਾਇਰਾਂ ਵਿੱਚ ਹਵਾ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ। ਇਸਦੇ ਨਾਲ ਹੀ ਮੰਤਰਾਲੇ ਨੇ ਟਾਇਰ ਰਿਪੇਅਰ ਕਿੱਟਾਂ ਦੀ ਵੀ ਸਿਫਾਰਸ਼ ਕੀਤੀ ਹੈ।
ਇਹ ਵੀ ਪੜ੍ਹੋ:ਅਜਿਹਾ ਐਕਸੀਡੈਂਟ, ਜੋ ਤੁਹਾਡੇ ਰੌਂਗਟੇ ਖੜ੍ਹੇ ਕਰ ਦਵੇਗਾ !