ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ।
ਕਿਆਸਰਾਈਆਂ ਹਨ ਕਿ ਇਸ ਮੁਲਾਕਾਤ ਦੌਰਾਨ ਕੈਬਿਨਟ 'ਚ ਬਦਲਾਅ ਨੂੰ ਲੈ ਕੇ ਹਾਈ ਕਮਾਂਡ ਦੀ ਮੁਹਰ ਲੱਗ ਸਕਦੀ ਹੈ। ਸੂਬੇ 'ਚ ਵਿਧਾਨ ਸਭਾ ਚੋਣਾਂ 'ਚ ਹੁਣ ਕੁਝ ਮਹੀਨੇ ਹੀ ਬਚੇ ਹਨ, ਉਸ ਤੋਂ ਪਹਿਲਾਂ ਮੰਤਰੀਮੰਡਲ 'ਚ ਇਹ ਆਖਰੀ ਫੇਰਬਦਲ ਹੋ ਸਕਦਾ ਹੈ।
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਦੋਵੇਂ ਆਗੂਆਂ 'ਚ ਵਿਵਾਦ ਖ਼ਤਮ ਨਹੀਂ ਹੋਇਆ ਹੈ। ਸਿੱਧੂ ਖੇਮੇ ਵੱਲੋਂ ਲਗਾਤਾਰ ਕੈਪਟਨ ਉਤੇ 18-ਸੂਤਰੀ ਏਜੰਡਾ ਲਾਗੂ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਹਾਲਾਂਕਿ ਸਿੱਧੂ ਦੇ ਅਹੁਦੇ ਸਾਂਭਣ ਤੋਂ ਬਾਅਦ ਦੋਵੇਂ ਆਗੂਆਂ ਨੇ ਰੱਲ੍ਹ ਮਿਲ ਕੇ ਕੰਮ ਕਰਨ ਦੀ ਗੱਲ ਕਹੀ ਸੀ, ਪਰ ਅਜਿਹਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹੈ। ਸੋਮਵਾਰ ਨੂੰ ਨਸ਼ੇ ਦੇ ਮੁੱਦੇ 'ਤੇ ਸਿੱਧੂ ਨੇ ਮੁੜ ਤੋਂ ਹਮਲਾਵਰ ਰੁਖ਼ ਅਖ਼ਤਿਆਰ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ।
ਸਿੱਧੂ ਨੇ ਟਵੀਟ 'ਚ ਲਿਖਿਆ: ਨਸ਼ਿਆਂ ਦੇ ਵਪਾਰ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ 18 ਸੂਤਰੀ ਏਜੰਡੇ ਦੇ ਤਹਿਤ ਕਾਂਗਰਸ ਦੀ ਤਰਜੀਹ ਹੈ। ਮਜੀਠੀਆ 'ਤੇ ਕੀ ਕਾਰਵਾਈ ਹੋਈ? ਜਦੋਂ ਕਿ ਸਰਕਾਰ ਇਸੇ ਮਾਮਲੇ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦੀ ਹਵਾਲਗੀ ਦੀ ਮੰਗ ਕਰਦੀ ਹੈ। ਜੇ ਹੋਰ ਦੇਰੀ ਹੋਈ ਤਾਂ ਰਿਪੋਰਟਾਂ ਨੂੰ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ।
ਲੜੀਵਾਰ ਟਵੀਟਾਂ 'ਚ ਸਿੱਧੂ ਨੇ ਨਸ਼ੇ ਦੀ ਸਮੱਸਿਆ ਦੇ ਹੱਲ ਲਈ, ਆਪਣੀ ਹੀ ਸਰਕਾਰ 'ਤੇ ਸਵਾਲੀਆ ਨਿਸ਼ਾਨ ਲਗਾਏ।
ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ 18 ਸੂਤਰੀ ਏਜੰਡੇ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਬਰਗਾੜੀ ਬੇਅਦਬੀ, ਨਸ਼ੇ ਦਾ ਕਾਰੋਬਾਰ ਤੇ ਬਿਜਲੀ ਸਮਝੋਤੇ ਬੇਰੁਜ਼ਗਾਰ ਮੁਲਾਜ਼ਮ ਮੁੱਖ ਮੁੱਦੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
ਇਸ ਤੋਂ ਇਲਾਵਾ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ। ਐਤਵਾਰ ਨੂੰ ਅੰਮ੍ਰਿਤਸਰ 'ਚ ਡ੍ਰੋਨ ਰਾਹੀਂ ਟਿਫਿਨ ਬੰਬ, ਹੈਂਡ ਗ੍ਰੇਨੇਡ ਤੇ ਆਰਡੀਐਕਸ ਸੁੱਟੇ ਜਾਣ ਤੋਂ ਬਾਅਦ ਸੂਬੇ 'ਚ ਹਾਈ ਅਲਰਟ ਜਾਰੀ ਹੈ। ਸਰਹੱਦ ਪਾਰੋਂ ਗਤੀਵਿਧੀਆਂ ਦੇ ਮੱਦੇਨਜ਼ਰ ਦੋਵੇਂ ਆਗੂਆਂ 'ਚ ਗੱਲਬਾਤ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ; ਸਿੱਧੂ ਫ਼ਿਰ ਹੋਏ ਸਿਧੇ, ਕਰ ਦਿੱਤਾ ਇਕ ਹੋਰ ਖੁਲਾਸਾ !