ਅਗਰਤਲਾ: ਤ੍ਰਿਪੁਰਾ 'ਚ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਵੋਟਿੰਗ ਪੂਰੀ ਹੋ ਗਈ ਹੈ। ਇੱਥੇ ਅਗਰਤਲਾ, ਕਸਬਾ ਬਾਰਦੋਵਾਲੀ, ਸੁਰਮਾ ਅਤੇ ਜੁਬਰਾਜਨਗਰ ਸੀਟਾਂ ਲਈ ਕੁੱਲ 221 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਈ। ਇਸ ਦੇ ਨਾਲ ਹੀ ਚੋਣਾਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਅਗਰਤਲਾ ਵਿਧਾਨ ਸਭਾ ਹਲਕੇ ਦੇ ਕੁੰਜਬਨ ਇਲਾਕੇ ਵਿੱਚ ਆਪਣੇ ਪਰਿਵਾਰ ਨਾਲ ਵੋਟ ਪਾਉਣ ਜਾ ਰਹੇ ਪੁਲੀਸ ਕਾਂਸਟੇਬਲ ਸਮੀਰ ਸਾਹਾ ਦੇ ਪੇਟ ਵਿੱਚ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤੇ ਜਾਣ ਦੀ ਘਟਨਾ ਵੀ ਸ਼ਾਮਲ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਸਾਹਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੋਟ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਧਲਾਈ ਜ਼ਿਲੇ ਦੇ ਗੰਡਾਚੇਰਾ ਪੁਲਸ ਸਟੇਸ਼ਨ ਨਾਲ ਜੁੜੇ ਸਾਹਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਦੇ ਨਾਲ ਹੀ ਕਸਬਾ ਬੋੜੋਵਾਲੀ ਵਿੱਚ ਇੱਕ ਪੋਲਿੰਗ ਸਟੇਸ਼ਨ ਨੇੜੇ ਸ਼ੁਭਮ ਦੇਬਨਾਥ ਨਾਮਕ ਪੱਤਰਕਾਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਘਟਨਾ ਵੀ ਸਾਹਮਣੇ ਆਈ ਹੈ। ਉਸ ਨੇ ਦੱਸਿਆ ਕਿ 'ਕੁਝ ਬਦਮਾਸ਼ ਲੋਕਾਂ ਨੂੰ ਵੋਟ ਨਹੀਂ ਪਾਉਣ ਦੇ ਰਹੇ ਸਨ, ਜਦੋਂ ਮੈਂ ਇਸ ਨੂੰ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰੀਬ 20-30 ਲੋਕਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ।' ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ, 'ਦੁਸ਼ਟਾਂ ਨੇ ਉਸ ਦਾ ਫੋਨ ਅਤੇ ਪ੍ਰੈਸ ਕਾਰਡ ਖੋਹ ਕੇ ਉਸ ਦੀ ਬਾਈਕ ਨੂੰ ਵੀ ਨੁਕਸਾਨ ਪਹੁੰਚਾਇਆ।'
ਵਧੀਕ ਮੁੱਖ ਚੋਣ ਅਧਿਕਾਰੀ ਯੂ. ਜੇ. ਮੋਗ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ ਸਭ ਤੋਂ ਵੱਧ 15.29 ਫੀਸਦੀ ਮਤਦਾਨ ਕਸਬਾ ਬਾਰਦੋਵਾਲੀ ਹਲਕੇ ਵਿੱਚ ਦਰਜ ਕੀਤਾ ਗਿਆ ਜਿੱਥੋਂ ਮੁੱਖ ਮੰਤਰੀ ਮਾਨਿਕ ਸਾਹਾ ਚੋਣ ਲੜ ਰਹੇ ਹਨ। ਪੋਲਿੰਗ ਦੇ ਮੱਦੇਨਜ਼ਰ ‘ਤ੍ਰਿਪੁਰਾ ਸਟੇਟ ਰਾਈਫਲਜ਼’ (ਟੀਐਸਆਰ) ਤੋਂ ਇਲਾਵਾ ਕੇਂਦਰੀ ਬਲਾਂ ਦੀਆਂ ਕੁੱਲ 25 ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਸੀ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਸੁਦੀਪ ਰਾਏ ਬਰਮਨ ਅਤੇ ਆਸ਼ੀਸ਼ ਕਾਂਗਰਸ 'ਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਅਗਰਤਲਾ ਅਤੇ ਕਸਬਾ ਬਾਰਦੋਵਾਲੀ 'ਚ ਉਪ ਚੋਣਾਂ ਹੋਈਆਂ। ਸੁਰਮਾ ਸੀਟ ਤੋਂ ਭਾਜਪਾ ਵਿਧਾਇਕ ਆਸ਼ੀਸ਼ ਦਾਸ ਨੂੰ ਪਾਰਟੀ ਵਿਰੁੱਧ ਬਗਾਵਤ ਕਰਨ ਤੋਂ ਬਾਅਦ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਜਿਸ ਕਾਰਨ ਇਸ ਸੀਟ ਲਈ ਉਪ ਚੋਣ ਕਰਵਾਈ ਗਈ ਸੀ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।
ਇਹ ਵੀ ਪੜੋ:- ਫੌਜ ਦੇ ਉੱਚ ਅਧਿਕਾਰੀ ਨੇ ਕਿਹਾ- ਕਸ਼ਮੀਰ 'ਚ ਅਜਿਹੇ ਰਸਤੇ ਹੋ ਸਕਦੀ ਹੈ ਹਥਿਆਰਾਂ ਦੀ ਤਸਕਰੀ ਜਿਨ੍ਹਾਂ ਬਾਰੇ ਮੈਂ ਨਹੀਂ ਜਾਣਦਾ ਹਾਂ'