ਮੁੰਬਈ: ਪਹਿਲਾਂ ਟੀਵੀ 'ਤੇ ਬਚਾਅ ਅਤੇ ਹੁਣ ਲਾਈਵ ਮੀਟਿੰਗ... ਜੀ ਹਾਂ, ਗੱਲ ਉਦਯੋਗਪਤੀ ਗੌਤਮ ਅਡਾਨੀ ਅਤੇ ਐਨਸੀਪੀ ਸੁਪਰੀਮੋ ਸ਼ਰਦ ਪਵਾਰ ਵਿਚਾਲੇ ਹੋਈ ਮੁਲਾਕਾਤ ਨੂੰ ਲੈ ਕੇ ਕੀਤੀ ਜਾ ਰਹੀ ਹੈ। ਕੁੱਝ ਦਿਨ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਖੁੱਲ੍ਹ ਕੇ ਗੌਤਮ ਅਡਾਨੀ ਦਾ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਡਾਨੀ ਮਾਮਲੇ ਵਿੱਚ ਜੋ ਵੀ ਹੋ ਰਿਹਾ ਹੈ, ਉਸ ਦੀ ਜਾਂਚ ਲਈ ਜੇਪੀਸੀ ਦੀ ਲੋੜ ਨਹੀਂ ਹੈ। ਜੇਪੀਸੀ ਰਾਹੀਂ ਵਿਰੋਧੀ ਧਿਰ ਸਿਰਫ਼ ਸੁਰਖੀਆਂ ਬਟੋਰ ਸਕਦੀ ਹੈ।
ਇੰਨਾ ਹੀ ਨਹੀਂ ਸ਼ਰਦ ਪਵਾਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਦੇਸ਼ੀ ਨੇ ਅਡਾਨੀ ਬਾਰੇ ਕੋਈ ਰਿਪੋਰਟ ਛਾਪੀ ਹੈ ਤਾਂ ਉਹ ਸੱਚੀ ਹੋਣੀ ਚਾਹੀਦੀ ਹੈ, ਇਹ ਜ਼ਰੂਰੀ ਨਹੀਂ ਹੈ। ਉਸ ਦੀ ਭਰੋਸੇਯੋਗਤਾ ਨੂੰ ਵੀ ਦੇਖਣਾ ਹੋਵੇਗਾ। ਸ਼ਰਦ ਪਵਾਰ ਨੇ ਜਿਵੇਂ ਹੀ ਇਹ ਕਿਹਾ, ਵਿਰੋਧੀ ਪਾਰਟੀਆਂ ਵੰਡੀਆਂ ਗਈਆਂ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਪਵਾਰ ਨੂੰ ਆਪਣੇ ਸਟੈਂਡ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਦਰਅਸਲ ਵਿਰੋਧੀ ਧਿਰ ਇਸ ਪੂਰੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਮੰਗ ਕਰ ਰਹੀ ਹੈ। ਸੰਸਦ 'ਚ ਬਜਟ ਸੈਸ਼ਨ ਦੌਰਾਨ ਇਸ ਮਾਮਲੇ 'ਤੇ ਕਾਫੀ ਹੰਗਾਮਾ ਹੋਇਆ, ਜਿਸ ਕਾਰਨ ਸੰਸਦ ਦੀ ਕਾਰਵਾਈ ਨਹੀਂ ਚੱਲ ਸਕੀ। ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਮੋਦੀ 'ਤੇ ਹਮਲਾ ਕਰ ਰਹੀ ਹੈ। ਪਰ ਜਿਵੇਂ ਹੀ ਸ਼ਰਦ ਪਵਾਰ ਨੇ ਇੰਟਰਵਿਊ ਦਿੱਤੀ ਅਤੇ ਬੋਲਿਆ, ਹਲਚਲ ਮਚ ਗਈ।
ਇਸ ਪਿਛੋਕੜ ਵਿੱਚ ਅੱਜ ਦੀ ਮੀਟਿੰਗ ਨੂੰ ਲੈ ਕੇ ਚਰਚਾ ਫਿਰ ਤੇਜ਼ ਹੋ ਗਈ ਹੈ। ਦੋਵਾਂ ਵਿਚਾਲੇ ਕਰੀਬ ਦੋ ਘੰਟੇ ਤੱਕ ਮੁਲਾਕਾਤ ਚੱਲੀ। ਵੈਸੇ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਮੁਲਾਕਾਤ ਨੂੰ ਕਿਸ ਨਜ਼ਰੀਏ ਤੋਂ ਦੇਖਿਆ ਜਾਵੇ। ਕੀ ਇਹ ਮੁਲਾਕਾਤ ਸ਼ਿਸ਼ਟਾਚਾਰ ਦੇ ਦਾਇਰੇ ਵਿੱਚ ਸੀ, ਜਾਂ ਇਸਦਾ ਕੋਈ ਹੋਰ ਅਰਥ ਹੈ? ਸ਼ਰਦ ਪਵਾਰ ਅਤੇ ਅਡਾਨੀ ਵਿਚਾਲੇ ਮੁਲਾਕਾਤ ਦੀਆਂ ਤਸਵੀਰਾਂ ਮੀਡੀਆ 'ਚ ਆਈਆਂ ਹਨ। ਅਡਾਨੀ ਸ਼ਰਦ ਪਵਾਰ ਦੀ ਰਿਹਾਇਸ਼ ਸਿਲਵਰ ਓਕ ਗਏ।
ਇੱਥੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਸ਼ਰਦ ਪਵਾਰ ਅਜਿਹੇ ਆਗੂਆਂ ਵਿੱਚ ਗਿਣੇ ਜਾਂਦੇ ਹਨ, ਜੋ ਖੁੱਲ੍ਹ ਕੇ ਆਪਣੀ ਰਾਏ ਪ੍ਰਗਟ ਕਰਦੇ ਹਨ ਅਤੇ ਵਪਾਰਕ ਮਾਮਲਿਆਂ ਵਿੱਚ ਉਨ੍ਹਾਂ ਦੀ ਸਮਝਦਾਰੀ ਦੀ ਵੀ ਸ਼ਲਾਘਾ ਕੀਤੀ ਜਾਂਦੀ ਹੈ। ਕਿਉਂਕਿ ਉਹ ਸੀਨੀਅਰ ਆਗੂ ਹਨ, ਹਰ ਕੋਈ ਉਨ੍ਹਾਂ ਦੀ ਰਾਏ ਦਾ ਸਤਿਕਾਰ ਕਰਦਾ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਇਹ ਕਹਿਣਾ ਮੁਸ਼ਕਿਲ ਹੈ ਕਿ ਸ਼ਰਦ ਪਵਾਰ ਅਡਾਨੀ ਮਾਮਲੇ 'ਤੇ ਆਪਣੀ ਰਾਏ ਦੇਣਗੇ ਜਾਂ ਨਹੀਂ, ਪਰ ਚਰਚਾ ਜ਼ਰੂਰ ਤੇਜ਼ ਹੋ ਗਈ ਹੈ।
ਦੱਸ ਦੇਈਏ ਕਿ ਜਦੋਂ ਵਿਰੋਧੀ ਪਾਰਟੀਆਂ ਨੇ ਪਵਾਰ ਨੂੰ ਉਨ੍ਹਾਂ ਦੇ ਸਟੈਂਡ 'ਤੇ ਵਿਚਾਰ ਕਰਨ ਲਈ ਕਿਹਾ ਸੀ ਤਾਂ ਪਵਾਰ ਨੇ ਕਿਹਾ ਸੀ ਕਿ ਜੇਕਰ ਇਹ ਵਿਰੋਧੀ ਪਾਰਟੀਆਂ ਦੀ ਮੰਗ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਆਮ ਆਦਮੀ ਵਰਗੀ ਪਾਰਟੀ ਸਿੱਧੇ ਤੌਰ 'ਤੇ ਮੋਦੀ ਅਤੇ ਅਡਾਨੀ ਦੇ ਰਿਸ਼ਤੇ 'ਤੇ ਸਵਾਲ ਚੁੱਕ ਰਹੀ ਹੈ। ਕਾਂਗਰਸ ਵੱਲੋਂ ਅਡਾਨੀ ਅਤੇ ਮੋਦੀ ਨੂੰ ਲੈ ਕੇ ਹਰ ਰੋਜ਼ ਸਵਾਲ ਉਠਾਏ ਜਾ ਰਹੇ ਹਨ। ਅਜਿਹੇ 'ਚ ਜੇਕਰ ਸ਼ਰਦ ਪਵਾਰ ਦੁਬਾਰਾ ਕੁੱਝ ਬੋਲਦੇ ਹਨ ਤਾਂ ਨਿਸ਼ਚਿਤ ਤੌਰ 'ਤੇ ਉਸ ਦੇ ਕਈ ਅਰਥ ਕੱਢੇ ਜਾਣਗੇ।