ਭੋਜਪੁਰ/ਬਿਹਾਰ: ਭੋਜਪੁਰ ਵਿੱਚ ਇੱਕ ਖ਼ੌਫ਼ਨਾਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੰਗਲਵਾਰ ਨੂੰ ਤਰਾਰੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਉਸ ਦੇ ਸਹੁਰੇ ਘਰ ਦੇ ਵਿਹੜੇ 'ਚੋਂ ਬਰਾਮਦ ਕੀਤੀ। ਪੁਲਿਸ ਅਨੁਸਾਰ ਕਤਲ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਵਿਹੜੇ ਵਿੱਚ ਹੀ ਦੱਬ ਦਿੱਤਾ ਗਿਆ। ਸਬੂਤਾਂ ਨੂੰ ਛੁਪਾਉਣ ਲਈ ਲਾਸ਼ ਨੂੰ ਦਫ਼ਨਾਉਣ ਵਾਲੀ ਥਾਂ 'ਤੇ ਫੁੱਲਾਂ ਦੇ ਪੌਦੇ ਲਗਾਏ ਗਏ ਸਨ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਸਕੇ। ਮੰਗਲਵਾਰ ਨੂੰ ਜਦੋਂ ਜਾਂਚ ਦੌਰਾਨ ਲਾਸ਼ ਬਰਾਮਦ ਹੋਈ, ਤਾਂ ਮ੍ਰਿਤਕ ਦੀ ਪਤਨੀ ਨੇ ਸਾਰੇ ਰਾਜ਼ ਖੋਲ੍ਹੇ।
ਪਤਨੀ ਨੇ ਖੋਲ੍ਹੇ ਕਈ ਰਾਜ: ਦੱਸਿਆ ਜਾ ਰਿਹਾ ਹੈ ਕਿ 24 ਸਾਲਾ ਨੌਜਵਾਨ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਜਦੋਂ ਉਹ ਕਈ ਦਿਨਾਂ ਬਾਅਦ ਵੀ ਘਰ ਨਹੀਂ ਪਰਤਿਆ, ਤਾਂ ਪਿਤਾ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਜਾਂਚ ਕੀਤੀ, ਤਾਂ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ। ਨੌਜਵਾਨ ਦੀ ਪਤਨੀ ਨੇ ਜੋ ਕਿਹਾ, ਉਸ ਨੇ ਸਭ ਦੇ ਹੋਸ਼ ਉਡਾ ਦਿੱਤੇ।
ਮੰਗਲਵਾਰ ਨੂੰ ਨੌਜਵਾਨ ਦੀ ਲਾਸ਼ ਉਸ ਦੇ ਸਹੁਰੇ ਘਰ ਤੋਂ ਬਰਾਮਦ ਹੋਈ। ਨੌਜਵਾਨ ਦੇ ਸਰੀਰ ਅਤੇ ਗਰਦਨ 'ਤੇ ਜ਼ਖ਼ਮ ਦੇ ਨਿਸ਼ਾਨ ਮਿਲੇ ਹਨ। ਕੰਨਾਂ 'ਚੋਂ ਵੀ ਖੂਨ ਨਿਕਲ ਰਿਹਾ ਸੀ। ਪਤਨੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲਾ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਦਰਜ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। - ਪ੍ਰਦੀਪ ਕੁਮਾਰ ਭਾਸਕਰ, ਤਰਾਰੀ ਥਾਣਾ ਮੁਖੀ
ਘਟਨਾ ਤੋਂ ਬਾਅਦ ਵਿਹੜੇ 'ਚ ਦੱਬੀ ਲਾਸ਼ : ਲਾਸ਼ ਮਿਲਣ ਤੋਂ ਬਾਅਦ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਪਤਨੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ, ਤਾਂ ਉਸ ਨੇ ਲਾਸ਼ ਨੂੰ ਦਫਨਾਉਣ ਦੀ ਗੱਲ ਤਾਂ ਕਬੂਲੀ, ਪਰ ਕਤਲ ਕਰਨ ਤੋਂ ਇਨਕਾਰ ਕੀਤਾ। ਪਤਨੀ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਦੋਵਾਂ ਵਿਚਾਲੇ ਲੜਾਈ ਹੋਈ ਸੀ। ਇਸ ਤੋਂ ਬਾਅਦ ਨੌਜਵਾਨ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਅਤੇ ਗਲੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਗੁਆਂਢ ਦੇ ਇੱਕ ਨੌਜਵਾਨ ਨੂੰ ਬੁਲਾਇਆ ਗਿਆ ਅਤੇ ਉਸ ਦੀ ਲਾਸ਼ ਨੂੰ ਵਿਹੜੇ ਵਿੱਚ ਹੀ ਦੱਬ ਦਿੱਤਾ ਗਿਆ।
ਮੇਰਾ ਲੜਕਾ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਉੱਥੇ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਵਿਹੜੇ 'ਚ ਇਕ ਟੋਏ 'ਚ ਨਮਕ ਪਾ ਕੇ ਦੱਬ ਦਿੱਤਾ ਗਿਆ। ਲਾਸ਼ ਨੂੰ ਦਫ਼ਨਾਉਣ ਤੋਂ ਬਾਅਦ ਉਸ ਜਗ੍ਹਾ 'ਤੇ ਫੁੱਲਾਂ ਦਾ ਬੂਟਾ ਲਗਾਇਆ ਗਿਆ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ, ਲਾਸ਼ ਨੂੰ ਬਾਹਰ ਕੱਢਿਆ ਜਾ ਰਿਹਾ ਸੀ। - ਮ੍ਰਿਤਕ ਦਾ ਪਿਤਾ
ਮ੍ਰਿਤਕ ਕਰਦਾ ਸੀ ਡਰਾਇਵਰੀ : ਮ੍ਰਿਤਕ ਅਗਿਆਂਵ ਬਾਜ਼ਾਰ ਥਾਣਾ ਖੇਤਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਹਰਿਆਣਾ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਕਿਸੇ ਕੰਮ ਲਈ ਹਿਮਾਚਲ ਗਿਆ ਸੀ, ਜਿੱਥੇ ਇੱਕ ਵਿਅਕਤੀ ਨਾਲ ਜਾਣ-ਪਛਾਣ ਹੋਈ ਜਿਸ ਨੇ ਆਪਣੀ ਸਾਲੀ ਦਾ ਵਿਆਹ ਉਸ ਦੇ ਪੁੱਤਰ ਨਾਲ ਕਰਵਾ ਦਿੱਤਾ ਸੀ।