ਨਵੀਂ ਦਿੱਲੀ: ਕੇਂਦਰੀ ਕਿਰਤ ਮੰਤਰਾਲੇ ਨੇ ਸੰਸਦ 'ਚ ਪਾਸ ਇੱਕ ਕਾਨੂੰਨ 'ਚ ਰੋਜ਼ਾਨਾ ਕੰਮ ਦੇ 8 ਘੰਟੇ ਨੂੰ ਵੱਧਾ ਕੇ ਜ਼ਿਆਦਾਤਰ 12 ਘੰਟੇ ਕੀਤੇ ਜਾਣ ਦਾ ਪ੍ਰਸਤਾਵ ਦਿੱਤਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਿਕ, ਮੰਤਰਾਲੇ ਨੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ 2020 ਦੇ ਮਸੌਦਾ ਨਿਯਮਾਂ ਤਹਿਤ ਅਜਿਹਾ ਪ੍ਰਸਤਾਵ ਦਿੱਤਾ ਹੈ।
ਮੰਤਰਾਲੇ ਵੱਲੋਂ ਦਿੱਤੇ ਗਏ ਪ੍ਰਸਤਾਵ ਮੁਤਾਬਿਕ, ਇਸ 12 ਘੰਟੇ ਦੀ ਮਿਆਦ ਵਿਚਕਾਰ ਛੋਟੀ ਮਿਆਦ ਦੀ ਛੁੱਟੀ ਯਾਨੀ ਇੰਟਰਵਲ ਵੀ ਸ਼ਾਮਲ ਹੈ। ਹਾਲਾਂਕਿ 19 ਨਵੰਬਰ 2020 ਨੂੰ ਨੋਟੀਫਿਕਸ਼ੇਨ ਇਸ ਮਸੌਦੇ 'ਚ ਹਫ਼ਤਾਵਾਰੀ ਕੰਮ ਦੇ ਘੰਟਿਆਂ ਨੂੰ 48 ਘੰਟੇ ਹੀ ਬਰਕਰਾਰ ਰੱਖਿਆ ਗਿਆ ਹੈ। 8 ਘੰਟੇ ਦੇ ਕਾਰਜਦਿਵਸ 'ਚ ਕੰਮ ਕਰਨ ਦਾ ਹਫ਼ਤਾ 6 ਦਿਨ ਹੀ ਹੁੰਦਾ ਹੈ। ਇਸ 'ਚ ਇੱਕ ਦਿਨ ਦੀ ਛੁੱਟੀ ਸ਼ਾਮਲ ਹੁੰਦੀ ਹੈ। ਕਿਰਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੀ ਮੰਨੀਏ ਤਾਂ ਮੰਤਰਾਲੇ ਵੱਲੋਂ ਅਜਿਹਾ ਪ੍ਰਸਤਾਵ ਦੇਸ਼ ਦੀ ਮੌਸਮ ਦੇ ਹਾਲਾਤ ਦੇ ਮੱਦੇਨਜ਼ਰ ਦਿੱਤਾ ਗਿਆ ਹੈ।
ਦਰਅਸਲ, ਭਾਰਤ 'ਚ ਇੱਕ ਕਾਰਜਦਿਵਸ ਦਾ ਕੰਮ ਪੂਰੇ ਦਿਨ 'ਚ ਵੰਡਿਆ ਹੁੰਦਾ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਕਿਰਤ ਮੰਤਰਾਲੇ ਦੇ ਇਸ ਪ੍ਰਸਤਾਵ ਕਾਰਨ ਕਾਮਿਆਂ ਨੂੰ ਓਵਰਟਾਈਮ ਭੱਤਾ ਰਾਹੀਂ ਜ਼ਿਆਦਾ ਕਮਾਈ ਕਰਨ ਦੀ ਸੁਵਿਧਾ ਮਿਲ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਅਸੀਂ ਮਸੌਦਾ ਨਿਯਮਾਂ 'ਚ ਅਜਿਹਾ ਪ੍ਰਬੰਧ ਕੀਤਾ ਹੈ ਤਾਂ ਜੋ 8 ਘੰਟੇ ਤੋਂ ਜ਼ਿਆਦਾ ਕੰਮ ਕਰਨ ਵਾਲੇ ਕਾਮਿਆਂ ਨੂੰ ਓਵਰਟਾਈਮ ਪਾਉਣ ਦੀ ਸੁਵਿਧਾ ਮਿਲ ਸਕੇ। ਓਐੱਸਐੱਚ ਕੋਡ ਦੇ ਮਸੌਦਾ ਨਿਯਮਾਂ ਮੁਤਾਬਿਕ ਕਿਸੇ ਵੀ ਦਿਨ ਓਵਰਟਾਈਮ ਦੀ ਗਿਣਤੀ 'ਚ 15 ਤੋਂ 30 ਮਿੰਟ ਦੇ ਸਮੇਂ ਨੂੰ 30 ਮਿੰਟ ਗਿਣਿਆ ਜਾਵੇਗਾ।