ਨਵੀਂ ਦਿੱਲੀ: ਯੁਵਰਾਜ ਸਿੰਘ ਨੇ ਇੰਨਟਰਨੈਸ਼ਨਲ ਕ੍ਰਿਕਟ ਵਿੱਚ ਸਾਲ 2000 'ਚ ਕਦਮ ਰੱਖਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਆਪਣੇ ਹੁਨਰ ਦੇ ਦਮ 'ਤੇ ਸਭ ਨੂੰ ਆਪਣਾ ਦਿਵਾਨਾ ਬਣਾ ਲਿਆ। ਪਰ ਸਾਲ 2011 'ਚ ਯੁਵਰਾਜ ਨੂੰ ਦਿਲ ਅਤੇ ਫੇਫੜਿਆਂ ਦੇ ਵਿੱਚ ਟਿਊਮਰ ਹੋ ਗਿਆ ਜਿਸ ਨੇ ਹੌਲੀ-ਹੌਲੀ ਕੈਂਸਰ ਦਾ ਰੂਪ ਲੈ ਲਿਆ।
ਕੈਂਸਰ ਨਾਲ ਲੜਾਈ ਲੜਨ ਤੋਂ ਬਾਅਦ ਯੁਵਰਾਜ ਦੁਬਾਰਾ ਆਪਣੀ ਪੁਰਾਣੀ ਫਾਰਮ 'ਚ ਨਜ਼ਰ ਨਹੀਂ ਆਏ ਜਿਸਦੇ ਚਲਦੇ ਆਈ.ਪੀ.ਐਲ. ਦੇ 12ਵੇਂ ਸੀਜ਼ਨ 'ਚ ਕੋਈ ਵੀ ਫ੍ਰੈਂਚਾਈਜ਼ੀ ਯੁਵਰਾਜ 'ਤੇ ਬੋਲੀ ਲਗਾਉਣ ਨੂੰ ਤਿਆਰ ਨਹੀਂ ਸੀ। ਅਖ਼ੀਰ ਮੁੰਬਈ ਇੰਡੀਅੰਨਸ ਨੇ ਉਨ੍ਹਾਂ ਨੂੰ 1 ਕਰੋੜ ਰੁਪਏ 'ਚ ਟੀਮ 'ਚ ਸ਼ਾਮਿਲ ਕੀਤਾ ਪਰ ਫ਼ਿਰ ਵੀ ਯੁਵੀ ਇਸ ਸੀਜ਼ਨ 'ਚ ਆਪਣੀ ਬੱਲੇਬਾਜ਼ੀ ਦਾ ਕਮਾਲ ਨਹੀਂ ਵਿਖਾ ਸਕੇ। ਅਖੀਰ ਸਾਲ 2017 'ਚ ਭਾਰਤੀ ਟੀਮ ਲਈ ਖੇਡਣ ਵਾਲੇ ਯੁਵੀ ਨੇ ਆਪਣੀ ਖ਼ਰਾਬ ਫਾਰਮ ਕਰਕੇ 10 ਜੂਨ ਨੂੰ ਇੰਨਟਰਨੈਸ਼ਨਲ ਕ੍ਰਿਕਟ ਨੂੰ ਅਲਵੀਦਾ ਕਹਿ ਦਿੱਤਾ।
ਦੂਜੇ ਪਾਸੇ ਯੁਵੀ ਦੇ ਪ੍ਰਸ਼ੰਸਕ ਅਜੇ ਹਾਰ ਮੰਨਣ ਲਈ ਤਿਆਰ ਨਹੀਂ ਹਨ ਅਤੇ ਯੁਵੀ ਦਾ ਵੀ ਕਹਿਣਾ ਹੈ ਕਿ ਉਹ ਅਜੇ 2-3 ਸਾਲ ਤੱਕ ਕ੍ਰਿਕਟ ਖੇਡ ਸਕਦੇ ਹਨ। ਯੁਵੀ ਦੇ ਕਰੋੜਾਂ ਪ੍ਰਸ਼ਸਕਾਂ ਦੀ ਉਡੀਕ ਖ਼ਤਮ ਹੋਣ ਵਾਲੀ ਹੈ ਕਿਉਂਕੀ ਯੁਵਰਾਜ 25 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਕੈਨੇਡਾ ਗਲੋਬਲ ਟੀ-20 ਲੀਗ 'ਚ ਟਰਾਂਟੋ ਨੈਸ਼ਨਲ ਟੀਮ ਵੱਲੋਂ ਖੇਡਦੇ ਨਜ਼ਰ ਆਉਣਗੇ।