ਜੈਪੁਰ: ਸੂਬੇ ਵਿੱਚ ਮਹੀਨੇ ਭਰ ਤੋਂ ਜਾਰੀ ਸਿਆਸੀ ਘਮਸਾਣ ਨੂੰ ਬੀਤੇ ਦਿਨੀਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਠੱਲ੍ਹ ਪੈਂਦੀ ਵਿਖਾਈ ਦੇ ਰਹੀ ਹੈ। 14 ਅਗਸਤ ਨੂੰ ਵਿਧਾਨ ਸਭਾ ਦੇ ਅਹਿਮ ਸੈਸ਼ਨ ਤੋਂ ਪਹਿਲਾਂ ਈਟੀਵੀ ਭਾਰਤ ਨੇ ਸਚਿਨ ਪਾਇਲਟ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਪਾਇਲਟ, ਜੋ ਰਾਜਸਥਾਨ ਵਿੱਚ 6 ਸਾਲ ਦੇ ਕਾਰਜਕਾਲ ਨਾਲ ਸਭ ਤੋਂ ਲੰਮੇ ਸਮੇਂ ਲਈ ਸੇਵਾ ਨਿਭਾਉਣ ਵਾਲੇ ਪੀਸੀਸੀ ਮੁਖੀ ਬਣੇ, ਨੇ ਕਿਹਾ ਕਿ ਉਹ ਕਦੇ ਵੀ ਕਿਸੇ ਅਹੁਦੇ ਦੀ ਲਾਲਸਾ ਨਹੀਂ ਕਰਦੇ ਸੀ ਅਤੇ ਉਨ੍ਹਾਂ ਲੋਕਾਂ ਦੇ ਲਈ ਲੜਦੇ ਰਹਿਣਗੇ ਜਿਨ੍ਹਾਂ ਨੇ ਲੰਮਾ ਸਮਾਂ ਉਨ੍ਹਾਂ ਦਾ ਸਮਰਥਨ ਕੀਤਾ। ਪਾਇਲਟ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁੱਧ ਬਗਾਵਤ ਕਰਨ ਦੇ ਇੱਕ ਮਹੀਨੇ ਮਗਰੋਂ ਉਹ ਜੈਪੁਰ ਪਰਤੇ ਹਨ।
ਸਚਿਨ ਪਾਇਲਟ ਨੇ ਆਪਣੇ 'ਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ, "ਦੋਸ਼ ਲਗਾਉਣਾ, ਉਂਗਲੀਆਂ ਉਠਾਉਣਾ ਜਾਂ ਚਿੱਕੜ ਸੁੱਟਣਾ ਬਹੁਤ ਸੌਖਾ ਹੈ। ਪਰ ਲੋਕ ਜਾਣਦੇ ਹਨ ਕਿ ਅਸਲੀਅਤ ਕੀ ਹੈ।" ਪਾਇਲਟ ਨੇ ਅੱਗੇ ਕਿਹਾ, "ਮੈਂ ਸ਼ਾਸਨ, ਲੀਡਰਸ਼ਿਪ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ, ਵਰਕਰਾਂ ਅਤੇ ਨੇਤਾਵਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੇ ਸਨਮਾਨ ਨਾਲ ਸਬੰਧਤ ਮੁੱਦਿਆਂ ਨੂੰ ਚੁੱਕਿਆ ਸੀ।"
ਰਾਜਸਥਾਨ ਵਿੱਚ ਬਾਗੀ ਨੇਤਾਵਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਅਤੇ ਗਹਿਲੋਤ ਸਰਕਾਰ ਖ਼ਿਲਾਫ਼ ਬਗਾਵਤ ਖ਼ਤਮ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ 'ਤੇ ਤਸੱਲੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ,"ਜਲਦੀ ਹੀ ਇਹ ਕਮੇਟੀ ਬੈਠਕ ਕਰੇਗੀ ਅਤੇ ਇਨ੍ਹਾਂ ਸਾਰੇ ਮੁੱਦਿਆਂ ਅਤੇ ਸਮੱਸਿਆਵਾਂ ਦਾ ਹੱਲ ਕਰੇਗੀ।" ਉਨ੍ਹਾਂ ਦਾ ਸਮਰਥਨ ਕਰਨ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਖਿਲਾਫ ਕੀਤੀ ਗਈ ਕਾਰਵਾਈ ਦੇ ਜਵਾਬ ਵਿੱਚ ਪਾਇਲਟ ਨੇ ਕਿਹਾ, “ਮੈਂ ਉਨ੍ਹਾਂ ਸਾਰੇ ਵਿਧਾਇਕਾਂ ਪ੍ਰਤੀ ਜਵਾਬਦੇਹ ਹਾਂ ਜਿਹੜੇ ਮੇਰੇ ਨਾਲ ਖੜੇ ਸਨ। ਵਿਧਾਇਕ, ਜੋ ਜੈਸਲਮੇਰ, ਜੈਪੁਰ ਜਾਂ ਕਿਸੇ ਹੋਰ ਜਗ੍ਹਾ 'ਤੇ ਹਨ, ਨੂੰ ਪਾਰਟੀ ਟਿਕਟ ਮਿਲੀ ਜਦੋਂ ਮੈਂ ਪੀਸੀਸੀ ਦਾ ਮੁਖੀ ਸੀ।"
"ਅਸੀਂ ਉਨ੍ਹਾਂ ਨੂੰ ਚੋਣਾਂ ਜਿੱਤਣ ਵਿੱਚ ਸਹਾਇਤਾ ਕੀਤੀ। ਤੁਸੀਂ ਦੇਖਿਆ ਹੋਵੇਗਾ ਕਿ ਮੇਰੇ ਨਾਲ ਆਏ ਕਿਸੇ ਵੀ ਵਿਧਾਇਕ ਨੇ ਪਾਰਟੀ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਿਆ। ਇਸ ਦੇ ਬਾਵਜੂਦ ਇਹ ਕਾਰਵਾਈ ਕੀਤੀ ਗਈ, ਜੋ ਕਿ ਗੈਰ ਅਧਿਕਾਰਤ ਸੀ।" ਉਨ੍ਹਾਂ ਅੱਗੇ ਕਿਹਾ, "ਹਰ ਕੋਈ ਦੇਖਦਾ ਹੈ ਕਿ ਇੱਕ ਰਾਜਨੇਤਾ ਕੀ ਬੋਲਦਾ ਹੈ ਜਾਂ ਕੀ ਕਰਦਾ ਹੈ, ਇਸ ਲਈ ਮੈਂ ਸਾਰੀ ਨਫ਼ਰਤ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਮੈਂ ਦੇਸ਼ ਦੇ ਨੌਜਵਾਨਾਂ ਲਈ ਕੋਈ ਗਲਤ ਮਿਸਾਲ ਕਾਇਮ ਨਹੀਂ ਕਰਨਾ ਚਾਹੁੰਦਾ।"
ਪਾਇਲਟ ਨੇ ਕਿਹਾ ਕਿ ਗਹਿਲੋਤ ਉਮਰ ਦੇ ਲਿਹਾਜ਼ ਨਾਲ ਉਨ੍ਹਾਂ ਤੋਂ ਕਾਫ਼ੀ ਸੀਨੀਅਰ ਹਨ। ਉਨ੍ਹਾਂ ਕਿਹਾ, "ਉਨ੍ਹਾਂ ਲਈ ਮੇਰੇ ਕੋਲ ਸਿਰਫ਼ ਇੱਜ਼ਤ ਹੈ, ਮੇਰੀ ਉਨ੍ਹਾਂ ਨਾਲ ਕੋਈ ਨਿੱਜੀ ਰੰਜਿਸ਼ ਨਹੀਂ।"
ਪਾਇਲਟ ਤੋਂ ਜਦੋਂ ਉਨ੍ਹਾਂ ਦਾ ਅਹੁਦਾ, ਜਿਸ ਤੋਂ ਉਨ੍ਹਾਂ ਨੂੰ 15 ਜੁਲਾਈ ਨੂੰ ਬਰਖ਼ਾਸਤ ਕੀਤਾ ਗਿਆ ਸੀ, ਮੁੜ ਦਿੱਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਹੁਦਿਆਂ ਬਾਰੇ ਚਿੰਤਾ ਨਹੀਂ ਕਰਦੇ।ਸਾਬਕਾ ਪ੍ਰਦੇਸ਼ ਕਮੇਟੀ ਪ੍ਰਧਾਨ ਨੇ ਕਿਹਾ, “ਜਦੋਂ ਮੈਂ ਰਾਜਸਥਾਨ ਆਇਆ ਸੀ, ਮੇਰੇ ਕੋਲ ਕੁਝ ਵੀ ਨਹੀਂ ਸੀ। ਮੈਂ ਪਾਰਟੀ ਨੂੰ ਮੁੜ ਸੁਰਜੀਤ ਕਰਨ ਆਇਆ ਸੀ। ਉਹ ਸਾਰੇ ਜਿਹੜੇ ਮੇਰੇ ਨਾਲ 6 ਸਾਲ ਪਹਿਲਾਂ ਖੜ੍ਹੇ ਸਨ, ਮੈਂ ਉਨ੍ਹਾਂ ਦੇ ਸਵੈ-ਮਾਣ ਲਈ ਲੜ ਰਿਹਾ ਹਾਂ। ਮੇਰਾ ਰਾਜਸਥਾਨ ਦੇ ਲੋਕਾਂ ਨਾਲ ਅਟੁੱਟ ਰਿਸ਼ਤਾ ਹੈ।"
ਪਾਇਲਟ ਨੇ ਅੱਗੇ ਕਿਹਾ, "ਮੈਂ ਆਪਣੀ ਆਖਰੀ ਸਾਹ ਤੱਕ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗਾ, ਭਾਵੇਂ ਮੈਂ ਪਾਰਟੀ ਵਿੱਚ ਅਹੁਦਾ ਸੰਭਾਲਦਾ ਹਾਂ ਜਾਂ ਨਹੀਂ।"