ਮੁੰਬਈ: ਆਰੇ 'ਚ ਰੁੱਖਾਂ ਦੀ ਕਟਾਈ 'ਤੇ ਹੋ ਰਹੇ ਪ੍ਰਦਰਸ਼ਨ 'ਤੇ ਸ਼ਿਵ ਸੈਨਾ ਆਗੂ ਉੱਧਵ ਠਾਕਰੇ ਨੇ ਇੱਕ ਬਿਆਨ ਦਿੱਤਾ ਹੈ। ਠਾਕਰੇ ਨੇ ਵਾਅਦਾ ਕੀਤਾ ਕਿ ਜਦੋਂ ਉਹ ਸੱਤਾ ਵਿੱਚ ਆਉਣਗੇ ਤਾਂ ਉਹ ਰੁੱਖਾਂ ਨੂੰ ਵੱਢਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨਗੇ। ਠਾਕਰੇ ਨੇ ਕਿਹਾ, "ਆਉਣ ਵਾਲੀ ਸਰਕਾਰ ਸਾਡੀ ਸਰਕਾਰ ਹੋਵੇਗੀ ਅਤੇ ਇੱਕ ਵਾਰ ਸਾਡੀ ਸਰਕਾਰ ਆ ਗਈ ਤਾਂ ਅਸੀਂ ਆਰੇ ਦੇ ਜੰਗਲਾਂ ਦੇ ਕਾਤਲਾਂ ਨਾਲ ਸਹੀ ਢੰਗ ਨਾਲ ਨਿਪਟਾਂਗੇ।"
ਬੰਬੇ ਹਾਈ ਕੋਰਟ ਨੇ ਆਰੇ ਨੂੰ ਜੰਗਲ ਨਾ ਮੰਨਣ ਦੇ ਫ਼ੈਸਲੇ ਤੋਂ ਬਾਅਦ 29 ਤੋਂ ਵੱਧ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਕਾਰਕੁੰਨ ਦਰੱਖਤ ਵੱਢਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਆਰੇ ਜੰਗਲਾਂ ਦੀ ਕਟਾਈ ਮੁੰਬਈ ਮੈਟਰੋ ਸ਼ੈੱਡ ਲਈ ਕੀਤੀ ਜਾ ਰਹੀ ਹੈ। ਸਥਾਨਕ ਲੋਕ ਅਤੇ ਵਾਤਾਵਰਣ ਪ੍ਰੇਮੀ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਤੱਕ 1000 ਤੋਂ ਵੱਧ ਦਰੱਖਤ ਕੱਟੇ ਜਾ ਚੁੱਕੇ ਹਨ। ਆਰੇ ਕਲੋਨੀ ਦੇ ਜੰਗਲ ਤੋਂ ਦਰੱਖਤਾਂ ਦੇ ਕੱਟਣ 'ਤੇ ਸ਼ਿਵ ਸੈਨਾ ਨੇਤਾ ਆਦਿੱਤਿਆ ਠਾਕਰੇ ਨੇ ਵੀ ਸਖ਼ਤ ਪ੍ਰਤੀਕ੍ਰਿਆ ਦਿੱਤੀ ਸੀ।
ਟਵੀਟ ਕਰ ਆਦਿੱਤਿਆ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਆਰੇ ਕਲੋਨੀ ਦੇ ਜੰਗਲ ਪ੍ਰਤੀ ਚਿੰਤਤ ਨਹੀਂ ਹੈ ਤਾਂ ਉਨ੍ਹਾਂ ਨੂੰ ਵਾਤਾਵਰਣ ਨੂੰ ਬਚਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ। ਇੱਕ ਹੋਰ ਟਵੀਟ ਵਿੱਚ ਉਸ ਨੇ ਲਿਖਿਆ ਕਿ ਸਾਡੇ ਸ਼ਿਵ ਸੈਨਿਕ ਆਰੇ ਕਾਲੋਨੀ ਦੇ ਲੋਕਾਂ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਇਹ ਸਮਝ ਨਹੀਂ ਆਉਂਦੀ ਕਿ ਮੁੰਬਈ ਮੈਟਰੋ ਮੁੰਬਈ ਵਾਸੀਆਂ ਨੂੰ ਅਪਰਾਧੀ ਵਜੋਂ ਕਿਉਂ ਵੇਖ ਰਹੀ ਹੈ ਅਤੇ ਉਹ ਉਨ੍ਹਾਂ ਦੀ ਮੰਗ ਕਿਉਂ ਨਹੀਂ ਸੁਣ ਰਹੀ।