ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਉਂਦੀ ਹੈ ਤਾਂ ਕਿਸਾਨ ਯੂਨੀਅਨ ਇਸ ਵਿੱਚ ਸਕਾਰਾਤਮਕ ਤੌਰ ‘ਤੇ ਸ਼ਾਮਿਲ ਹੋਵੇਗੀ। ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ 3 ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੱਕ ਗਾਜੀਪੁਰ ਸਰਹੱਦ ‘ਤੇ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਢੰਗ ਨਾਲ ਜਾਰੀ ਰਹੇਗੀ।
ਮਿਲ ਰਿਹਾ ਹੈ ਸਾਥ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਗਾਜੀਪੁਰ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨੇੜੇ ਦੇ ਜ਼ਿਲ੍ਹਿਆਂ ਤੋਂ ਆਏ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸਾਨੂੰ ਦਬਾਉਣਾ ਚਾਹੁੰਦੀ ਹੈ, ਪਰ ਅਸੀਂ ਖੇਤੀਬਾੜੀ ਦਾ ਕਾਨੂੰਨ ਵਾਪਿਸ ਕਰਵਾਏ ਬਿਨ੍ਹਾਂ ਇੱਥੋਂ ਘਰ ਨਹੀਂ ਜਾਵਾਂਗੇ।
ਗੱਲਬਾਤ ਲਈ ਤਿਆਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਵਿੱਚ ਕਿਸਾਨਾਂ ਦਾ ਜ਼ਿਕਰ ਕਰਨ ਦੇ ਸਵਾਲ ਉੱਤੇ, ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸਰਕਾਰ ਅੱਗੇ ਝੁਕਣਾ ਨਹੀਂ ਚਾਹੁੰਦੇ। ਅਸੀਂ ਸਰਕਾਰ 'ਤੇ ਦਬਾਅ ਨਹੀਂ ਬਣਾਉਣਾ ਚਾਹੁੰਦੇ। ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖ ਰਹੇ ਹਾਂ ਅਤੇ ਜੇਕਰ ਸਰਕਾਰ ਸਾਨੂੰ ਗੱਲਬਾਤ ਲਈ ਬੁਲਾਉਂਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਸਕਾਰਾਤਮਕ ਤੌਰ 'ਤੇ ਸ਼ਾਮਲ ਕਰਾਂਗੇ ਅਤੇ ਆਪਣੀ ਗੱਲ ਰੱਖਾਂਗੇ।
ਪਿੰਡ ਤੋਂ ਆ ਰਿਹਾ ਰਾਸ਼ਨ ਪਾਣੀ
ਰਾਕੇਸ਼ ਟਿਕੈਤ ਨੇ ਦੱਸਿਆ ਕਿ ਇਸ ਸਮੇਂ ਨਾਲ ਲੱਗਦੇ ਪਿੰਡ ਤੋਂ ਰਾਸ਼ਨ ਪਾਣੀ ਆ ਰਿਹਾ ਹੈ। ਇਹ ਪਾਣੀ ਕਿਸਾਨਾਂ ਦੇ ਘਰ ਦਾ ਹੈ। ਸਰਕਾਰ ਨੇ ਸਾਡੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਹਜ਼ਾਰਾਂ ਕਿਸਾਨ ਆਪਣੇ ਘਰਾਂ ਤੋਂ ਪਾਣੀ ਲਿਆ ਰਹੇ ਹਨ। ਇੱਥੇ ਜੋ ਪਾਣੀ ਬਚਿਆ ਹੈ ਉਹ ਅਸੀਂ ਨਾਲ ਦੀ ਨਦੀ ਵਿੱਚ ਵੱਗਾ ਰਹੇ ਹਾਂ ਕਿਉਂਕਿ ਅਸੀਂ ਕਿਸਾਨਾਂ ਦੇ ਘਰ ਦਾ ਪਾਣੀ ਬਰਬਾਦ ਨਹੀਂ ਕਰ ਸਕਦੇ। ਸਾਡਾ ਵਿਰੋਧ ਸ਼ਾਂਤਮਈ ਢੰਗ ਨਾਲ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ।