ਝਾਰਖੰਡ: ਵਿਧਾਨਸਭਾ ਚੋਣਾਂ ਦੇ ਪੰਜਵੇਂ ਅਤੇ ਅੰਤਮ ਪੜਾਅ ਲਈ ਮਤਦਾਨ ਜਾਰੀ ਹੈ। ਇਸ ਪੜਾਅ 'ਚ 6 ਜ਼ਿਲ੍ਹਿਆਂ ਦੇ 16 ਵਿਧਾਨਸਭਾ ਸੀਟਾਂ 'ਤੇ ਮਤਦਾਨ ਹੋ ਰਹੇ ਹਨ। ਜਾਣਕਾਰੀ ਅਨੁਸਾਰ 5 ਸੀਟਾਂ 'ਤੇ 3 ਵਜੇ ਤਕ ਅਤੇ 11 ਸੀਟਾਂ 'ਤੇ 5 ਵਜੇ ਤਕ ਮਤਦਾਨ ਹੋਵੇਗਾ। ਇਨ੍ਹਾਂ ਸੀਟਾਂ ਲਈ 236 ਊਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹਨ ਜਿਨ੍ਹਾਂ 'ਚੋਂ 207 ਮਰਦ ਅਤੇ 26 ਮਹਿਲਾ ਊਮੀਦਵਾਰ ਹਨ। ਇਨ੍ਹਾਂ ਊਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 40.05% ਲੋਕ ਕਰਣਗੇ।
ਦੱਸਣਯੋਗ ਹੈ ਕਿ 16 ਸੀਟਾਂ 'ਤੇ ਹੋ ਰਹੀਆਂ ਵੋਟਾਂ 'ਚੋਂ ਸੱਤ ਸੀਟਾਂ ਅਨੁਸੂਚਿਤ ਕਬੀਲਿਆਂ ਲਈ ਸੁਰੱਖਿਅਤ ਹਨ। ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਵਿਨੇ ਕੁਮਾਰ ਚੌਬੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਾਰੀਆਂ ਸੀਟਾਂ ਲਈ ਕੁੱਲ 5389 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ 'ਚੋਂ ਸ਼ਹਿਰੀ ਖੇਤਰ 'ਚ 269 ਅਤੇ ਦਿਹਾਤੀ ਖੇਤਰ 'ਚੋਂ 5120 ਪੋਲਿੰਗ ਸਟੇਸ਼ਨ ਬਣਾਏ ਗਏ ਹਨ।