ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ ’ਚ ਪੇਸ਼ ਕੀਤਾ ਗਿਆ ਆਮ ਬਜਟ ਹਰ ਖੇਤਰ ’ਚ ਆਲ-ਰਾਊਂਡ ਵਿਕਾਸ ਦੀ ਗੱਲ ਕਰਦਾ ਹੈ ਅਤੇ ਇਸ ਦੇ ਦਿਲ ’ਚ ਪਿੰਡ ਅਤੇ ਕਿਸਾਨ ਹਨ।
ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਲ 2021 ਦਾ ਬਜਟ ਅਸਧਾਰਣ ਪਰਸਥਿਤੀਆਂ ’ਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ’ਚ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਅਹਿਸਾਸ ਤੇ ਵਿਕਾਸ ਦਾ ਵਿਸ਼ਵਾਸ਼ ਵੀ ਹੈ।
ਉਨ੍ਹਾਂ ਕਿਹਾ, 'ਇਸ ਬਜਟ ’ਚ ਦੇਸ਼ ਦੀ ਖੇਤੀ ਨੂੰ ਮਜ਼ਬੂਤੀ ਦੇਣ ਲਈ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਜ਼ੋਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਆਸਾਨੀ ਨਾਲ ਜ਼ਿਆਦਾ ਕਰਜ਼ਾ ਪ੍ਰਾਪਤ ਹੋ ਸਕੇਗਾ। ਦੇਸ਼ ਦੀਆਂ ਮੰਡੀਆਂ ਨੂੰ ਮਜ਼ਬੂਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਸਾਰੇ ਫ਼ੈਸਲੇ ਦਿਖਾਉਂਦੇ ਹਨ ਕਿ ਸਾਡੇ ਦਿਲ ’ਚ ਪਿੰਡ ਅਤੇ ਸਾਡੇ ਕਿਸਾਨ ਹਨ।
ਬਜਟ ਨੂੰ ਨਵੇਂ ਦਹਾਕੇ ਦੀ ਸ਼ੁਰੂਆਤ ਦੀ ਨੀਂਹ ਰੱਖੇ ਜਾਣ ਵਾਲਾ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲਾ ਅਤੇ ਦੇਸ਼ ਨੂੰ ਆਤਮ-ਨਿਰਭਰਤਾ ਦੇ ਰਾਹ ’ਤੇ ਲੈ ਜਾਣ ਵਾਲਾ ਬਜਟ ਹੈ।
ਉਨ੍ਹਾਂ ਨੇ ਕਿਹਾ,' ਐਮਐਸਐਮਈ ਨੂੰ ਗਤੀ ਦੇਣ ਲਈ, ਰੁਜ਼ਗਾਰ ਦੇ ਮੌਕੇ ਵਧਾਉਣ ਲਈ, ਐਮਐਸਐਮਈ ਦਾ ਬਜਟ ਪਿਛਲੇ ਸਾਲ ਦੀ ਤੁਲਨਾ ’ਚ ਦੁੱਗਣੇ ਨਾਲੋਂ ਜ਼ਿਆਦਾ ਕੀਤਾ ਗਿਆ ਹੈ। ਇਹ ਬਜਟ ਆਤਮ-ਨਿਰਭਰਤਾ ਦੇ ਉਸ ਰਾਸਤੇ ਨੂੰ ਲੈ ਕੇ ਚੱਲਿਆ ਹੈ ਜਿਸ ’ਚ ਦੇਸ਼ ਦੇ ਹਰ ਨਾਗਰਿਕ ਦੀ ਤਰੱਕੀ ਸ਼ਾਮਲ ਹੈ।'
ਦੇਸ਼-ਵਾਸੀਆਂ ਨੂੰ 'ਆਤਮ-ਨਿਰਭਰ ਭਾਰਤ' ਦੇ ਇਸ ਮਹੱਤਵਪੂਰਨ ਬਜਟ ਦੀਆਂ ਸ਼ੁੱਭ-ਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਨਾਲ 'ਵੈਲਥ ਅਤੇ ਵੈਲਨੇਸ' ਦੋਵੇਂ ਤੇਜ਼ ਗਤੀ ਨਾਲ ਵਧਣਗੇ।
ਉਨ੍ਹਾਂ ਨੇ ਕਿਹਾ, 'ਇਸ ਬਜਟ ’ਚ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਹ ਬਜਟ ਜਿਸ ਤਰ੍ਹਾਂ ਲੋਕਾਂ ਦੀ ਸਿਹਤ ’ਤੇ ਕੇਂਦਰਿਤ ਹੈ, ਉਹ ਵੀ ਸਲਾਹੁਣਯੋਗ ਹੈ। ਇਹ ਬਜਟ ਦੇਸ਼ ਦੇ ਹਰ ਖੇਤਰ ’ਚ ਚੌਤਰਫ਼ਾ ਵਿਕਾਸ ਦੀ ਗੱਲ ਕਰਦਾ ਹੈ।
ਪੀਐਮ ਮੋਦੀ ਨੇ ਆਮ ਬਜਟ 2021 ਦੇ ਮੌਕੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਸਾਡੀ ਸਰਕਾਰ ਨੇ ਬਜਟ ਨੂੰ ਪਾਰਦਰਸ਼ੀ ਬਨਾਉਣ ’ਤੇ ਖ਼ਾਸਾ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਭਾਰਤ ’ਚ ਕਾਫ਼ੀ ਸਰਗਰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਟ ਦੌਰਾਨ ਜਾਨ ਅਤੇ ਜਹਾਨ ਦੋਹਾਂ ’ਤੇ ਫੋਕਸ ਕੀਤਾ ਗਿਆ ਹੈ।