ਫ਼ਰੀਦਾਬਾਦ: ਕਾਨਪੁਰ ਫਾਇਰਿੰਗ ਮਾਮਲੇ 'ਚ ਵਿਕਾਸ ਦੂਬੇ ਦੇ ਭਤੀਜੇ ਤੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਪਰਾਧੀ ਵਿਕਾਸ ਦੂਬੇ ਦਾ ਸਾਥੀ ਸ਼ਿਆਮੂ ਬਾਜਪਾਈ ਨੂੰ ਚੌਬੀਪੁਰ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਆਮੂ ਬਾਜਪਾਈ 'ਤੇ 25 ਹਜ਼ਾਰ ਰੁਪਏ ਦਾ ਇਨਾਮ ਵੀ ਹੈ।
ਫਰੀਦਾਬਾਦ ਦੀ ਵਿਸ਼ੇਸ਼ ਅਪਰਾਧ ਟੀਮ ਨੇ ਇਸ ਮਾਮਲੇ ਵਿਚ ਹੁਣ ਤਕ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇੱਕ ਵਿਕਾਸ ਦੂਬੇ ਦਾ ਗੁਰਗਾ, ਦੂਸਰਾ ਵਿਕਾਸ ਦੂਬੇ ਦਾ ਭਤੀਜਾ ਕਾਰਤੀਕੇ ਉਰਫ ਪ੍ਰਭਾਤ ਅਤੇ ਤੀਜਾ ਸ਼ਿਆਮੂ ਬਾਜਪਾਈ ਸ਼ਾਮਲ ਹੈ।
ਪੁਲਿਸ ਮੁਤਾਬਕ ਕਾਰਤੀਕੇ ਉਰਫ ਪ੍ਰਭਾਤ ਕਾਨਪੁਰ ਵਿੱਚ ਵਿਕਾਸ ਦੂਬੇ ਦੇ ਨਾਲ ਮੌਜੂਦ ਸੀ। ਫਰੀਦਾਬਾਦ ਪੁਲਿਸ ਨੇ ਪ੍ਰਭਾਤ ਤੋਂ 4 ਹਥਿਆਰ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਵਿਚੋਂ 2 ਸਰਕਾਰੀ ਪਿਸਤੌਲ ਯੂਪੀ ਪੁਲਿਸ ਦੀਆਂ ਹਨ।
ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਯੂਪੀ ਦਾ ਬਦਨਾਮ ਬਦਮਾਸ਼ ਅਤੇ 8 ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਦੋਸ਼ੀ ਵਿਕਾਸ ਦੂਬੇ ਮੰਗਲਵਾਰ ਰਾਤ ਨੂੰ ਫਰੀਦਾਬਾਦ ਦੇ ਬਰਖਲ ਚੌਕ ਦੇ ਓਯੋ ਹੋਟਲ ਵਿਖੇ ਆਪਣੇ ਭਤੀਜੇ ਨਾਲ ਰੁਕਿਆ ਸੀ ਪਰ ਜਿਵੇਂ ਹੀ ਐਸਟੀਐਫ ਬਾਰੇ ਭਣਕ ਲੱਗੀ ਵਿਕਾਸ ਉੱਥੋਂ ਫਰਾਰ ਹੋ ਗਿਆ।
ਹਾਲਾਂਕਿ ਪੁਲਿਸ ਨੇ ਵਿਕਾਸ ਦੂਬੇ ਦੇ ਭਤੀਜੇ ਪ੍ਰਭਾਤ ਮਿਸ਼ਰਾ ਨੂੰ ਫਰੀਦਾਬਾਦ ਦੇ ਇਸ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਦਰਅਸਲ, ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਗੈਂਗਸਟਰ ਵਿਕਾਸ ਦੂਬੇ ਫਰੀਦਾਬਾਦ ਦੇ ਇੱਕ ਹੋਟਲ ਵਿੱਚ ਲੁਕਿਆ ਹੋਇਆ ਹੈ ਜਿਸ ਦੇ ਅਧਾਰ 'ਤੇ ਪੁਲਿਸ ਨੇ ਫਰੀਦਾਬਾਦ ਦੇ ਇੱਕ ਹੋਟਲ ਵਿੱਚ ਛਾਪਾ ਮਾਰਿਆ, ਛਾਪੇ ਦੌਰਾਨ ਵਿਕਾਸ ਦੂਬੇ ਉਥੇ ਨਹੀਂ ਮਿਲਿਆ, ਪਰ ਪੁਲਿਸ ਨੇ ਉਸ ਦੇ ਭਤੀਜੇ ਪ੍ਰਭਾਤ ਮਿਸ਼ਰਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਨਾਲ ਹੀ ਵਿਕਾਸ ਦੂਬੇ ਦਾ ਇੱਕ ਸਾਥੀ ਵੀ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ ਫਰੀਦਾਬਾਦ ਦੇ ਇਸ ਹੋਟਲ ਵਿੱਚ ਇੱਕ ਗੈਂਗਸਟਰ ਵਿਕਾਸ ਦੂਬੇ ਦੇ ਰਿਸ਼ਤੇਦਾਰ ਦੇ ਨਾਂਅ 'ਤੇ ਇੱਕ ਕਮਰਾ ਬੁੱਕ ਕੀਤਾ ਗਿਆ ਸੀ ਜਿਸ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਰਾਜਸਥਾਨ ਸੀਆਈਏ, ਯੂਪੀ ਐਸਟੀਐਫ ਅਤੇ ਫਰੀਦਾਬਾਦ ਸੀਆਈਏ ਦੀ ਟੀਮ ਨੇ ਮਿਲ ਕੇ ਹੋਟਲ ਨੂੰ ਘੇਰ ਲਿਆ ਅਤੇ ਵਿਕਾਸ ਦੂਬੇ ਦੇ ਸਾਥੀ ਅਤੇ ਉਸ ਦੇ ਭਤੀਜੇ ਨੂੰ ਹਿਰਾਸਤ ਵਿੱਚ ਲੈ ਲਿਆ।