ਨਵੀਂ ਦਿੱਲੀ: 16 ਦਸੰਬਰ ਨੂੰ ਵਿਜੈ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਹੀ ਪਾਕਿਸਤਾਨ ਦੇ ਖਿਲਾਫ਼ 1971 ਵਿੱਚ ਭਾਰਤ ਨੂੰ ਜਿੱਤ ਮਿਲੀ ਸੀ ਅਤੇ ਇੱਕ ਨਵੇਂ ਦੇਸ਼ ਦੇ ਰੂਪ ਵਿੱਚ ਬੰਗਲਾਦੇਸ਼ ਦਾ ਨਿਰਮਾਣ ਹੋਇਆ ਸੀ। ਵਿਜੈ ਦਿਵਸ ਉੱਤੇ ਸਾਬਕਾ ਸੈਨਿਕ ਯੂਪੀ ਬਾਰਡਰ ਪਹੁੰਚੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ।
ਸਾਬਕਾ ਸੈਨਿਕਾਂ ਦਾ ਕਿਸਾਨਾਂ ਨੂੰ ਸਮਰਥਨ
ਵੈਟਰਨ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਸੈਨਿਕ ਜੈ ਪ੍ਰਕਾਸ਼ ਮਿਸ਼ਰਾ ਨੇ ਕਿਹਾ ਕਿ ਵਿਜੈ ਦਿਵਸ ਵਾਲੇ ਦਿਨ ਸਾਬਕਾ ਸੈਨਿਕ ਕਿਸਾਨਾਂ ਦੇ ਸਮਰਥਨ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਅੱਜ ਦੇ ਦਿਨ ਹੀ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਇੱਕ ਹੋਰ ਜਿੱਤ ਪ੍ਰਾਪਤ ਕਰਨ ਲਈ ਇਥੇ ਆਏ ਹਾਂ। ਇਹ ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨ ਤਿੰਨ ਹਫ਼ਤਿਆਂ ਤੋਂ ਕੜਾਕੇ ਦੀ ਠੰਡ ਵਿੱਚ ਸੜਕਾਂ 'ਤੇ ਬੈਠਾ ਹੋਇਆ ਹੈ, ਪਰ ਸਰਕਾਰ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਹੁਣ ਜਵਾਨ ਅਤੇ ਕਿਸਾਨ ਇੱਕ ਹੋ ਗਏ ਹਨ। ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤੱਕ ਕਿਸਾਨ ਅਤੇ ਜਵਾਨ ਪਿੱਛੇ ਨਹੀਂ ਹਟਣਗੇ।
ਜਿੱਤਣ ਤੋਂ ਬਾਅਦ ਹੀ ਵਾਪਸ ਆਉਣਗੇ ਸਾਬਕਾ ਸੈਨਿਕ
ਸਾਬਕਾ ਸੈਨਿਕ ਨਰਵੀਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਜਲਦੀ ਹੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲਵੇਗੀ। ਸਾਬਕਾ ਸੈਨਿਕ ਵੀ ਕਿਸਾਨਾਂ ਨਾਲ ਇਸ ਲੜਾਈ ਵਿੱਚ ਇਕੱਠੇ ਖੜੇ ਹੋ ਗਏ ਹਨ। ਇਤਿਹਾਸ ਇਹ ਹੈ ਕਿ ਸੈਨਿਕ ਜੰਗ ਜਿੱਤ ਕੇ ਵਾਪਸ ਆਇਆ ਹੈ। ਅੱਜ ਵਿਜੈ ਦਿਵਸ ਵਾਲੇ ਦਿਨ ਅਸੀਂ ਕਿਸਾਨਾਂ ਦਾ ਸਮਰਥਨ ਕਰਨ ਲਈ ਆਏ ਹਾਂ ਅਤੇ ਹੁਣ ਸਾਬਕਾ ਸੈਨਿਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਵਾਪਸ ਆਉਣਗੇ। ਜੈ ਜਵਾਨ-ਜੈ ਕਿਸਾਨ ਦਾ ਨਾਅਰਾ ਦਿੱਤਾ ਗਿਆ। ਪਿਛਲੇ ਤਿੰਨ ਹਫ਼ਤਿਆਂ ਤੋਂ ਯੂਪੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੀ ਸੈਨਿਕਾਂ ਦਾ ਸਮਰਥਨ ਮਿਲਿਆ ਹੈ। ਕਿਸਾਨਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਦਿੱਲੀ ਤੋਂ ਖ਼ਾਲੀ ਹੱਥ ਵਾਪਸ ਨਹੀਂ ਆਉਣਗੇ। ਕਿਸਾਨ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।