ਉੱਤਰ ਪ੍ਰਦੇਸ਼: ਬਹੁ-ਚਰਚਿਤ ਬਹਿਮਈ ਕਤਲਕਾਂਡ ਵਾਪਰਨ ਦੇ 39 ਸਾਲਾਂ ਪਿੱਛੋਂ ਅਦਾਲਤ ਸੋਮਵਾਰ ਨੂੰ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਇਸ ਕਤਲਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 14 ਫ਼ਰਵਰੀ, 1981 ਨੂੰ ਡਾਕੂ ਫੂਲਨ ਦੇਵੀ ਨੇ ਪਿੰਡ ਬਹਿਮਈ ਉੱਤੇ ਹਮਲਾ ਕਰ ਕੇ 20 ਵਿਅਕਤੀਆਂ ਨੂੰ ਇੱਕ ਕਤਾਰ ’ਚ ਖੜ੍ਹੇ ਕਰ ਕੇ ਉਨ੍ਹਾਂ ਨੂੰ ਗੋਲ਼ੀਆਂ ਨਾਲ ਭੁੰਨ ਸੁੱਟਿਆ ਸੀ।
ਇਸ ਵਿੱਚ 35 ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਹੋਈ ਸੀ ਪਰ ਦੋਸ਼ ਸਿਰਫ਼ ਫੂਲਨ ਦੇਵੀ ਸਮੇਤ 6 ਜਣਿਆਂ ਦੇ ਵਿਰੁੱਧ ਹੀ ਆਇਦ ਹੋਏ ਸਨ। ਉਨ੍ਹਾਂ ਵਿੱਚ ਸ਼ਿਆਮਬਾਬੂ, ਭੀਖਾ, ਵਿਸ਼ਵਨਾਥ, ਪੋਸ਼ਾ ਤੇ ਰਾਮ ਸਿੰਘ ਸ਼ਾਮਲ ਸਨ।
ਫੂਲਨ ਦੇਵੀ ਦੇ ਕਤਲ ਤੋਂ ਬਾਅਦ ਰਾਮ ਸਿੰਘ ਦੀ 13 ਫ਼ਰਵਰੀ, 2019 ਨੂੰ ਜੇਲ੍ਹ ‘ਚ ਹੀ ਮੌਤ ਹੋ ਗਈ ਸੀ। ਪੋਸ਼ਾ ਹਾਲੇ ਵੀ ਜੇਲ੍ਹ ‘ਚ ਬੰਦ ਹੈ, ਜਦ ਕਿ ਤਿੰਨ ਮੁਲਜ਼ਮ ਇਸ ਵੇਲੇ ਜ਼ਮਾਨਤ ‘ਤੇ ਚੱਲ ਰਹੇ ਹਨ। ਕੇਸ ਵਿੱਚ 6 ਗਵਾਹ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ ਹੁਣ ਦੋ ਹੀ ਜਿਊਂਦੇ ਹਨ।
ਫੂਲਨ ਦੇ ਪਿਤਾ ਦੀ 40 ਬਿੱਘੇ ਜ਼ਮੀਨ ‘ਤੇ ਚਾਚੇ ਨੇ ਕਬਜ਼ਾ ਕਰ ਲਿਆ ਸੀ। 11 ਸਾਲਾਂ ਦੀ ਉਮਰ ‘ਚ ਫੂਲਨ ਨੇ ਚਾਚੇ ਤੋਂ ਆਪਣੀ ਜ਼ਮੀਨ ਮੰਗੀ। ਇਸ ‘ਤੇ ਚਾਚੇ ਨੇ ਉਸ ਉੱਤੇ ਡਕੈਤੀ ਦਾ ਕੇਸ ਦਰਜ ਕਰਵਾ ਦਿੱਤਾ। ਫੂਲਨ ਨੂੰ ਜੇਲ੍ਹ ਜਾਣਾ ਪਿਆ।
ਉਹ ਜਦੋਂ ਜੇਲ੍ਹ ‘ਚੋਂ ਛੁੱਟੀ ਤਾਂ ਉਸ ਸਮੇਂ ਉਹ ਡਕੈਤਾਂ ਦੇ ਸੰਪਰਕ ਵਿੱਚ ਆ ਗਈ। ਇਸ ਤੋਂ ਬਾਅਦ ਦੂਜੇ ਗਿਰੋਹ ਦੇ ਲੋਕਾਂ ਨੇ ਫੂਲਨ ਦਾ ਸਮੂਹਕ ਜਬਰ-ਜਨਾਹ ਕੀਤਾ। ਇਸ ਦਾ ਬਦਲਾ ਲੈਣ ਲਈ ਫੂਲਨ ਨੇ ਬਹਿਮਈ ਦੇ 20 ਵਿਅਕਤੀਆਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਸੀ।