ਨਵੀਂ ਦਿੱਲੀ: ਉਨਾਓ ਬਲਾਤਕਾਰ ਮਾਮਲੇ ਵਿੱਚ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਦੋਸ਼ੀ ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮ੍ਰਿਤਕ ਦੇ ਪਿਤਾ ਦੀ ਮੌਤ ਵਿੱਚ ਸੇਂਗਰ ਅਤੇ ਉਸ ਦੇ ਭਰਾ ਅਤੁਲ ਸੇਂਗਰ ਨੂੰ 10-10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਜ਼ੁਰਮਾਨਾ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ। ਅਦਾਲਤ ਨੇ ਸੇਂਗਰ ਸਮੇਤ ਸਾਰੇ ਸੱਤ ਦੋਸ਼ੀਆਂ ਨੂੰ 10 ਸਾਲ ਕੈਦ ਅਤੇ 10 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
ਤੀਸ ਹਜ਼ਾਰੀ ਅਦਾਲਤ ਨੇ 12 ਮਾਰਚ ਨੂੰ ਉਨਾਓ ਬਲਾਤਕਾਰ ਪੀੜਤ ਲੜਕੀ ਦੇ ਪਿਤਾ ਦੇ ਕਤਲ ਦੇ ਦੋਸ਼ੀਆਂ ਦੀ ਸਜ਼ਾ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮੇਸ਼ ਸ਼ਰਮਾ ਨੇ 13 ਮਾਰਚ ਯਾਨੀ ਕਿ ਅੱਜ ਫ਼ੈਸਲਾ ਸੁਣਾਉਣ ਦਾ ਆਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਤੋਂ ਡਰੀ ਹਰਸਿਮਰਤ ਬਾਦਲ ਨੇ ਇਜਲਾਸ ਛੋਟਾ ਕਰਨ ਦੀ ਕੀਤੀ ਮੰਗ
ਸੁਣਵਾਈ ਦੌਰਾਨ ਸੀਬੀਆਈ ਨੇ ਅਦਾਲਤ ਤੋਂ ਕੁਲਦੀਪ ਸਿੰਘ ਸੇਂਗਰ ਸਮੇਤ ਸੱਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਸੀ। 4 ਮਾਰਚ ਨੂੰ ਅਦਾਲਤ ਨੇ ਕੁਲਦੀਪ ਸਿੰਘ ਸੇਂਗਰ ਸਮੇਤ 7 ਲੋਕਾਂ ਨੂੰ ਦੋਸ਼ੀ ਠਹਿਰਾਇਆ। ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮੇਸ਼ ਸ਼ਰਮਾ ਨੇ ਇਸ ਮਾਮਲੇ ਦੇ 4 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਬਲਾਤਕਾਰ ਪੀੜਤਾ ਦੇ ਪਿਤਾ ਦੀ 9 ਅਪ੍ਰੈਲ 2018 ਨੂੰ ਨਿਆਂਇਕ ਹਿਰਾਸਤ ਵਿੱਚ ਮੌਤ ਹੋ ਗਈ ਸੀ।
ਦੱਸ ਦਈਏ ਕਿ ਤੀਸ ਹਜ਼ਾਰੀ ਅਦਾਲਤ ਨੇ ਕੁਲਦੀਪ ਸਿੰਘ ਸੇਂਗਰ ਨੂੰ 20 ਦਸੰਬਰ 2019 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਮਰ ਕੈਦ ਤੋਂ ਇਲਾਵਾ ਅਦਾਲਤ ਨੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਜ਼ੁਰਮਾਨੇ ਦੀ ਇਸ ਰਕਮ ਵਿਚੋਂ 10 ਲੱਖ ਰੁਪਏ ਪੀੜਤ ਨੂੰ ਦੇਣ ਦਾ ਆਦੇਸ਼ ਦਿੱਤਾ ਗਿਆ ਸੀ। ਕੁਲਦੀਪ ਸਿੰਘ ਸੇਂਗਰ ਨੇ ਤੀਸ ਹਜ਼ਾਰੀ ਕੋਰਟ ਦੇ ਇਸ ਫੈਸਲੇ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।