ਮੁੰਬਈ: ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਾਰਜਭਾਰ ਸੰਭਾਲ ਲਿਆ ਹੈ। ਕਾਰਜਭਾਰ ਸੰਭਾਲਣ ਤੋਂ ਪਹਿਲਾਂ ਆਪਣੀ ਰਿਹਾਇਸ਼ ਮਾਤੋਸ਼੍ਰੀ ਤੋਂ ਨਿਕਲਣ ਮਗਰੋਂ ਉਨ੍ਹਾਂ ਪਹਿਲਾਂ ਹੁਤਾਤਮਾ ਚੌਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਉੱਥੇ ਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਵਿਧਾਇਕ ਦਿਲੀਪ ਵਾਲਸੇ ਪਾਟਿਲ ਨੂੰ ਰਾਜ ਵਿਧਾਨ ਸਭਾ ਦਾ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਸੂਬਾ ਵਿਧਾਨ ਸਭਾ ਸੂਤਰਾਂ ਅਨੁਸਾਰ ਕੱਲ੍ਹ ਨਵੀਂ ਬਣੀ ਠਾਕਰੇ ਸਰਕਾਰ ਨੂੰ ਬਹੁਮਤ ਸਾਬਿਤ ਕਰਨਾ ਪੈ ਸਕਦਾ ਹੈ। ਕਾਰਜਭਾਰ ਸੰਭਾਲਣ ਤੋਂ ਪਹਿਲਾਂ ਠਾਕਰੇ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਨੂੰ ਫੁੱਲਾਂ ਦਾ ਹਾਰ ਭੇਟ ਕੀਤਾ।
ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਭਰਾ ਕਹਿੰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੇ ਸੰਬੰਧ ਭਰਾ ਵਾਂਗ ਹਨ ਅਤੇ ਮੋਦੀ ਦੀ ਜ਼ਿੰਮੇਵਾਰੀ ਹੈ ਕਿ ਉਹ ਸੂਬੇ ਦੀ ਕਮਾਨ ਸੰਭਾਲ ਰਹੇ ਆਪਣੇ ਛੋਟੇ ਭਰਾ ਨਾਲ ਸਹਿਯੋਗ ਕਰਨ। ਕੇਂਦਰ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਸੀ ਕਿ ਦਿੱਲੀ ਨੂੰ ਮਹਾਰਾਸ਼ਟਰ ਦੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਜ ਸਰਕਾਰ ਦੀ ਸਥਿਰਤਾ ਨੂੰ ਕੋਈ ਨੁਕਸਾਨ ਨਾ ਹੋਵੇ।