ਸ੍ਰੀਨਗਰ: ਜੰਮੂ ਤੇ ਕਸ਼ਮੀਰ ਪੁਲਿਸ ਨੇ ਉਤਰੀ ਕਸ਼ਮੀਰ ਦੇ ਹੰਦਵਾੜਾ ਵਿੱਚ ਅੱਤਵਾਦੀਆਂ ਦੇ ਦੋ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਦੇਸ਼-ਵਿਰੋਧੀ ਤੱਤਾਂ ਸਬੰਧੀ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਹੰਦਵਾੜਾ ਪੁਲਿਸ ਨੇ ਫ਼ੌਜ ਅਤੇ ਸੀਆਰਪੀਐਫ਼ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਅਤੇ ਵਾਹਨਾਂ ਤੇ ਯਾਤਰੀਆਂ ਦੀ ਤਲਾਸ਼ੀ ਲਈ।
ਪੁਲਿਸ ਨੇ ਕਿਹਾ ਕਿ ਚੀਨਾਰ ਪਾਰਕ ਹੰਦਵਾੜਾ ਵਿੱਚ ਜਾਂਚ ਦੌਰਾਨ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਸ਼ੱਕੀ ਪਾਇਆ ਤਾਂ ਉਹ ਪੁਲਿਸ ਨੂੰ ਵੇਖ ਕੇ ਭੱਜਣ ਲੱਗੇ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਕਿਹਾ ਕਿ ਮੁਢਲੀ ਜਾਂਚ ਵਿੱਚ ਮੁਲਜ਼ਮਾਂ ਨੇ ਪਛਾਣ ਲਿਆਕਤ ਅਹਿਮਦ ਮੀਰ ਅਤੇ ਆਦਿਬ ਰਾਸ਼ਿਦ ਮੀਰ ਵੱਜੋਂ ਦੱਸੀ ਹੈ। ਦੋਵੇਂ ਤ੍ਰੇਹਗਾਮ ਕੁਪਵਾੜਾ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ। ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਦੋਵੇਂ ਸਹਿਯੋਗੀ ਵੱਜੋਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਕੰਮ ਕਰਦੇ ਹਨ। ਉਨ੍ਹਾਂ ਦਾ ਕੰਮ ਦੱਖਣੀ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨਾ ਸੀ। ਪੁਲਿਸ ਨੇ ਐਫ਼ਆਈਆਰ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।