ਚੰਡੀਗੜ੍ਹ: ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਪਣੀ ਖੂਬਸੂਰਤੀ ਅਤੇ ਹਰਿਆਲੀ ਲਈ ਦੇਸ਼ ਭਰ ਵਿੱਚ ਪ੍ਰਸਿੱਧੀ ਹਾਸਿਲ ਕਰ ਚੁੱਕੀ ਹੈ। ਪਰ, ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਚੰਡੀਗੜ੍ਹ ਵਿੱਚ ਕਰੀਬ 24 ਹਜ਼ਾਰ ਦਰਖ਼ਤ ਸੁੱਕਣ ਕਿਨਾਰੇ ਪੁੱਜ ਚੁੱਕੇ ਹਨ। ਇਸਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਸਗੋਂ ਖ਼ੁਦ ਚੰਡੀਗੜ੍ਹ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ। ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਦਰਖ਼ਤ ਵਿਕਸਤ ਨਹੀਂ ਪਾ ਰਹੇ ਹਨ।
ਦਰਖ਼ਤਾਂ ਨੂੰ ਨਹੀਂ ਮਿਲ ਰਿਹਾ ਹਵਾ ਤੇ ਪਾਣੀ
ਈਟੀਵੀ ਭਾਰਤ ਦੀ ਟੀਮ ਨੇ ਬਾਗਵਾਨੀ ਮਾਹਰ ਰਾਹੁਲ ਮਹਾਜਨ ਨਾਲ ਗੱਲਬਾਤ ਕੀਤੀ। ਰਾਹੁਲ ਮਹਾਜਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸੜਕਾਂ ਦੇ ਕੰਢੇ ਲੱਗੇ ਇਨ੍ਹਾਂ ਦਰਖ਼ਤਾਂ ਦੇ ਚਾਰੇ ਪਾਸੇ ਕੰਕਰੀਟ ਦੇ ਬਲਾਕ ਲਗਵਾ ਦਿੱਤੇ ਹਨ, ਜਿਸ ਨਾਲ ਇਨ੍ਹਾਂ ਦਰਖ਼ਤਾਂ ਨੂੰ ਸਹੀ ਮਾਤਰਾ 'ਚ ਪਾਣੀ ਅਤੇ ਹਵਾ ਨਹੀਂ ਮਿਲ ਪਾ ਰਿਹਾ। ਜਿਸ ਨਾਲ ਦਰਖ਼ਤ ਦਿਨੋਂ ਦਿਨ ਸੁੱਕਦੇ ਜਾ ਰਹੇ ਹਨ।
ਪ੍ਰਸ਼ਾਸਨ ਨੇ ਨਹੀਂ ਕੀਤੀ ਸੁਣਵਾਈ
ਇਸ ਦੇ ਨਾਲ ਹੀ ਰਾਹੁਲ ਮਹਾਜਨ ਨੇ ਦੱਸਿਆ ਕਿ ਇਸ ਉੱਤੇ ਪ੍ਰਸ਼ਾਸਨ ਨਾਲ ਉਨ੍ਹਾਂ ਨੇ ਗੱਲ ਕੀਤੀ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਦਰਖਤਾਂ ਦੇ ਆਲੇ ਦੁਆਲੇ ਲੋੜੀਂਦੀ ਜਗ੍ਹਾ ਵੀ ਨਹੀਂ ਛੱਡੀ ਹੈ, ਜਿਸਦੇ ਨਾਲ ਦਰਖਤ ਸੁੱਕਣੇ ਸ਼ੁਰੂ ਹੋ ਗਏ ਹਨ।
ਚੰਡੀਗੜ੍ਹ ਵਿੱਚ ਹਨ ਕਰੀਬ 4 ਲੱਖ ਦਰਖ਼ਤ
ਇੱਕ ਸਰਵੇ ਦੇ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਕੋਲ 1 ਲੱਖ 61 ਹਜ਼ਾਰ ਦਰਖਤ ਹਨ। ਇਹਨਾਂ ਵਿਚੋਂ 21 ਹਜ਼ਾਰ ਦੇ ਕਰੀਬ ਦਰਖ਼ਤਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਹੈ। ਇਹਨਾਂ ਵਿੱਚ ਯੂਨੀਵਰਸਿਟੀ, ਸਕੂਲ ਅਤੇ ਕਾਲਜ ਦੇ ਅੰਦਰ ਲੱਗੇ ਦਰਖ਼ਤਾਂ ਦੀ ਗਿਣਤੀ ਨਹੀਂ ਕੀਤੀ ਗਈ ਹੈ। ਜੇਕਰ ਇਨ੍ਹਾਂ ਦਰਖ਼ਤਾਂ ਨੂੰ ਵੀ ਗਿਣ ਲਿਆ ਜਾਵੇ ਤਾਂ ਚੰਡੀਗੜ੍ਹ ਵਿੱਚ ਕਰੀਬ 4 ਲੱਖ ਦਰਖ਼ਤ ਹਨ। ਜਿਨ੍ਹਾਂ ਦਰਖ਼ਤਾਂ ਦੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਕੋਲ ਹੈ, ਉਨ੍ਹਾਂ ਦਰਖ਼ਤਾਂ ਨੂੰ ਅੱਜ ਖ਼ਤਰਾ ਹੈ।