ਭੋਪਾਲ: ਮੱਧ ਪ੍ਰਦੇਸ਼ 'ਚ ਇੱਕ ਵਾਰ ਫੇਰ ਕਮਲਨਾਥ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਕਾਂਗਰਸ ਦੇ ਕੁੱਝ ਹੋਰ ਵਿਧਾਇਕ ਬੈਂਗਲੁਰੂ ਚਲੇ ਗਏ ਹਨ। ਇਨ੍ਹਾਂ ਵਿਧਾਇਕਾਂ ਦੀ ਗਿਣਤੀ 17 ਦੱਸੀ ਜਾ ਰਹੀ ਹੈ ਜੋ ਸਾਬਕਾ ਸਾਂਸਦ ਜੋਤੀਰਾਦਿਤਿਆ ਸਿੰਧਿਆ ਦੇ ਖੇਮੇ ਦੇ ਹਨ। ਇਹ ਵਿਧਾਇਕ ਇੱਕ ਚਾਰਟਡ ਜਹਾਜ਼ ਰਾਹੀਂ ਭਾਜਪਾ ਸ਼ਾਸਿਤ ਬੈਂਗਲੁਰੂ ਵਿੱਚ ਚਲੇ ਗਏ ਹਨ।
ਜਾਣਕਾਰੀ ਮੁਤਾਬਕ ਕਿਸੇ ਸਮੇਂ ਗਾਂਧੀ ਪਰਿਵਾਰ ਦੇ ਕਰੀਬੀ ਰਹੇ ਜੋਤੀਰਾਦਿਤਿਆ ਸਿੰਧਿਆ ਦਿੱਲੀ ਗਏ ਸਨ ਅਤੇ ਕਾਂਗਰਸ ਉਨ੍ਹਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਕਿਸੇ ਸਮਝੌਤੇ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜੋਤੀਰਾਦਿਤਿਆ ਸਿੰਧਿਆ ਆਪਣੇ ਘਰ ਵਾਪਿਸ ਆ ਚੁੱਕੇ ਹਨ।
ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਮੁੱਖ ਮੰਤਰੀ ਕਮਲਨਾਥ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਕਮਲਨਾਥ ਨੇ ਸੂਬੇ ਵਿੱਚ ਚੱਲ ਰਹੇ ਸਿਆਸੀ ਸੰਕਟ ਦੇ ਮੱਦੇਨਜ਼ਰ ਸੋਮਵਾਰ ਨੂੰ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਸਭ ਕੁੱਝ ਠੀਕ ਹੈ ਪਰ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਸੂਬੇ ਦੇ ਸਿਆਸੀ ਹਾਲਾਤਾਂ ਵਿੱਚ ਕੁੱਝ ਵੀ ਠੀਕ ਨਹੀਂ ਜਾਪਦਾ।
ਇਸ ਤੋਂ ਪਹਿਲਾਂ ਕਾਂਗਰਸ ਦੇ 4 ਵਿਧਾਇਕ ਬੈਂਗਲੁਰੂ ਚਲੇ ਗਏ ਸੀ ਜਿੰਨਾਂ ਵਿੱਚੋਂ 2 ਵਾਪਿਸ ਆ ਗਏ ਸਨ ਪਰ ਬਾਕੀ 2 ਨਾਲ ਅਜੇ ਤੱਕ ਕਾਂਗਰਸ ਦਾ ਕੋਈ ਸੰਪਰਕ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨਾ ਵਿਧਾਇਕਾਂ ਵੱਲੋਂ ਮੰਤਰੀ ਆਹੁਦੇ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਰੋਧੀਆਂ ਦੀ ਮੰਗ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਦੀ ਹੋਵੇ ਤੁਰੰਤ ਰਿਹਾਈ
ਇਹ ਵੀ ਜ਼ਿਕਰ ਕਰ ਦਈਏ ਕਿ ਸੂਬੇ ਵਿੱਚ ਵਿਧਾਇਕਾਂ ਦੀ ਕੁੱਲ ਗਿਣਤੀ 230 ਹੈ ਜਿੰਨਾ ਵਿੱਚੋਂ 34 ਵਿਧਾਇਕ ਮੰਤਰੀ ਬਣਾਏ ਜਾ ਸਕਦੇ ਹਨ। ਇਸ ਸਮੇਂ ਮੁੱਖ ਮੰਤਰੀ ਨੂੰ ਮਿਲਾ ਕੇ 29 ਮੰਤਰੀ ਹਨ ਅਤੇ 5 ਮੰਤਰੀ ਹੋਰ ਸ਼ਾਮਲ ਕੀਤੇ ਜਾ ਸਕਦੇ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਮੱਧ ਪ੍ਰਦੇਸ਼ ਵਿੱਚ ਪਿਛਲੇ ਸੋਮਵਾਰ ਤੋਂ ਸਿਆਸੀ ਡਰਾਮਾ ਚੱਲ ਰਿਹਾ ਹੈ। ਕਾਂਗਰਸ ਭਾਜਪਾ 'ਤੇ ਦੋਸ਼ ਲਗਾ ਰਹੀ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ 4 ਵਿਧਾਇਕਾਂ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਭ ਕਮਲਨਾਥ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਨੇ ਕਾਂਗਰਸ ਦੇ ਇਸ ਇਲਜ਼ਾਮ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਆਪ ਹੀ ਡਿੱਗ ਪਵੇਗੀ ਸਾਨੂੰ ਕੁੱਝ ਕਰਨ ਦੀ ਜ਼ਰੂਰਤ ਨਹੀਂ।
ਹੁਣ ਦੇਖਣਾ ਇਹ ਹੋਵੇਗਾ ਕਿ ਮੱਧ ਪ੍ਰਦੇਸ਼ ਕਾਂਗਰਸ 'ਚ ਆਪਸੀ ਕੁਰਸੀ ਦੀ ਦੌੜ ਵਿੱਚ ਕਮਲਨਾਥ ਸਰਕਾਰ ਆਪਣੀ ਸੱਤਾ ਬਚਾ ਪਾਉਂਦੀ ਹੈ ਜਾਂ ਨਹੀਂ। ਇਸ ਸਾਰੇ ਸਿਆਸੀ ਘਟਨਾਕ੍ਰਮ ਵਿੱਚ ਇਹ ਵੀ ਇੱਕ ਦਿਲਚਸਪ ਪਹਿਲੂ ਹੈ ਕਿ ਇਸ ਵਿੱਚ ਭਾਜਪਾ ਦਾ ਕਿੰਨਾ ਹੱਥ ਹੈ। ਅਜਿਹਾ ਸੋਚਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਅਜਿਹੇ ਦਾਅ-ਪੇਚ ਖੇਡ ਕੇ ਭਾਜਪਾ ਵੱਲੋਂ ਆਪਣੀ ਸਰਕਾਰ ਬਣਾ ਲਈ ਗਈ ਸੀ।