ਨਵੀਂ ਦਿੱਲੀ: ਨਾਗਰਿਕ ਸੋਧ ਬਿੱਲ ਦੇ ਵਿਰੋਧ ਵਿੱਚ ਅਸਮ ਅਤੇ ਤ੍ਰਿਪੁਰਾ ਵਿੱਚ ਹਿੰਸਕ ਗਤੀਵਿਧੀਆਂ ਹੋ ਰਹੀਆਂ ਹਨ ਜਿਸ ਦਾ ਆਵਾਜ਼ਾਈ 'ਤੇ ਡੂੰਘਾ ਅਸਰ ਪੈ ਰਿਹਾ ਹੈ। ਰੇਲਵੇ ਨੇ ਅਸਮ ਅਤੇ ਤ੍ਰਿਪੁਰਾ ਆਉਣ ਜਾਂ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਅਤੇ ਲੰਬੀ ਦੂਰੀ ਵਾਲੀਆਂ ਟਰੇਨਾਂ ਨੂੰ ਗੁਵਹਾਟੀ ਵਿੱਚ ਹੀ ਰੋਕਿਆ ਜਾ ਰਿਹਾ ਹੈ।
ਉੱਥੇ ਹੀ ਜਹਾਜ਼ ਕੰਪਨੀ ਇੰਡੀਗੋ ਨੇ ਡਿਬਰੂਗੜ ਜਾਣ ਵਾਲੀਆਂ ਸਾਰੀਆਂ ਫ਼ਲਾਇਟਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਸਤਾਰਾ ਕੰਪਨੀ ਨੇ ਵੀ ਕਿਹਾ ਹੈ ਕਿ ਸਰਕਾਰ ਦੀ ਸਲਾਹ ਤੋਂ ਬਾਅਦ ਫ਼ਲਾਇਟਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲੰਘੀ ਰਾਤ ਲਿਆ ਗਿਆ ਹੈ ਜਿਸ ਦੇ ਬਾਅਦ ਕਈ ਯਾਤਰੀ ਗੁਹਾਟੀ ਵਿੱਚ ਹੀ ਫ਼ਸ ਗਏ ਹਨ। ਐਨਾ ਹੀ ਨਹੀਂ ਕੱਲ੍ਹ ਤੋਂ ਹੀ ਗੁਵਹਾਟੀ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਅਸਮ ਦੇ ਮੁੱਖ ਮੰਤਰੀ ਸੋਬਰਨੰਦ ਸੋਨੋਵਾਲ ਅਤੇ ਕੇਂਦਰੀ ਮੰਚਰੀ ਰਾਮੇਸ਼ਵਰ ਤੇਲੀ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਸੀ।
ਜ਼ਿਕਰ ਕਰ ਦਈਏ ਕਿ ਕਰਫਿਊ ਤੋਂ ਬਾਅਦ ਵੀ ਵੀਰਵਾਰ ਨੂੰ ਲੋਕ ਸੜਕਾਂ ਤੇ ਨਿਕਲੇ ਸੀ। ਫ਼ੌਜ ਨੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਸੀ। ਸੂਬੇ ਦੇ ਕਈ ਥਾਵਾਂ ਤੇ ਭਾਜਪਾ ਅਤੇ ਅਸਮ ਗਣ ਪਰਿਸ਼ਦ ਦੇ ਨੇਤਾਵਾਂ ਦੇ ਘਰ ਤੇ ਵੀ ਹਮਲੇ ਹੋਏ ਹਨ।