ਨਵੀਂ ਦਿੱਲੀ / ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਕਾਂਗਰਸ ਵੀ ਲੱਗੀ ਹੋਈ ਹੈ। ਹਾਲ ਹੀ ਵਿੱਚ ਸੂਬਾ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਸਾਰੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੀਨੀਅਰ ਨੇਤਾਵਾਂ ਨੂੰ ਸੌਂਪੀ ਹੈ। ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਵਰਚੁਅਲ ਮੀਟਿੰਗ ਬੁਲਾਈ ਹੈ।
ਰਾਹੁਲ ਗਾਂਧੀ ਦੀ ਵਰਚੁਅਲ ਮੀਟਿੰਗ
ਇਸ ਬੈਠਕ ਵਿਚ ਬਿਹਾਰ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ, ਵਿਧਾਇਕ, ਕਾਰਜਕਾਰੀ ਮੈਂਬਰ ਦੇ ਨਾਲ-ਨਾਲ ਬਲਾਕ ਪੱਧਰੀ ਵਰਕਰ ਵੀ ਸ਼ਿਰਕਤ ਕਰਨਗੇ। ਸੂਬਾ ਪ੍ਰਧਾਨ ਮਦਨ ਮੋਹਨ ਝਾਅ ਨੇ ਇਹ ਜਾਣਕਾਰੀ ਦਿੱਤੀ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਤਹਿਤ ਅਹਿਮ ਬੈਠਕ
ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਬੈਠਕ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਹਾਲਾਂਕਿ, ਝਾਅ ਨੇ ਕਿਹਾ ਕਿ ਇਹ ਮੀਟਿੰਗ ਚੋਣ ਤਿਆਰੀ ਲਈ ਨਹੀਂ ਬਲਕਿ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਹੈ।
ਆਗੂਆਂ ਤੇ ਵਰਕਰਾਂ ਤੋਂ ਜਾਨਣਗੇ ਬਿਹਾਰ ਦਾ ਹਾਲ
ਮਦਨ ਮੋਹਨ ਝਾਅ ਨੇ ਕਿਹਾ ਕਿ ਰਾਜ ਵਿੱਚ ਸਰਕਾਰ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਅਸਫ਼ਲ ਰਹੀ ਹੈ ਅਤੇ ਲੱਖਾਂ ਲੋਕ ਹੜ੍ਹਾਂ ਵਿੱਚ ਪ੍ਰਭਾਵਿਤ ਹੋ ਰਹੇ ਹਨ। ਕਾਂਗਰਸ ਇਨ੍ਹਾਂ ਮੁੱਦਿਆਂ 'ਤੇ ਗੱਲਬਾਤ ਕਰੇਗੀ। ਰਾਹੁਲ ਗਾਂਧੀ ਸੂਬੇ ਦੇ ਸਾਰੇ ਆਗੂਆਂ ਅਤੇ ਵਰਕਰਾਂ ਤੋਂ ਬਿਹਾਰ ਦੀ ਸਥਿਤੀ ਬਾਰੇ ਜਾਣਨਗੇ।