ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਭਾਜਪਾ ਦੇ ਯੂਵਾ ਮੋਰਚਾ ਦੇ ਨੇਤਾ ਫਿਦਾ ਹੁਸੈਨ ਇਟੂ ਦਾ ਕਤਲ ਕਰ ਦਿੱਤਾ ਗਿਆ। ਕੁਲਗਾਮ ਦੇ ਕਾਜੀਗੰਦ ਦੇ ਵਾਈ ਕੇ ਪੋਰਾ ਇਲਾਕੇ ਵਿੱਚ ਹੋਏ ਹਮਲੇ ਵਿੱਚ 2 ਹੋਰ ਵਰਕਰ ਵੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ।
ਵੀਰਵਾਰ ਸ਼ਾਮ ਨੂੰ ਮਾਰੇ ਗਏ ਭਾਜਪਾ ਦੇ ਵਰਕਰ ਦੀ ਪਛਾਣ ਕੁਲਗਾਮ ਜ਼ਿਲ੍ਹੇ ਦੀ ਭਾਜਪਾ ਯੂਵਾ ਮੋਰਚਾ ਦੇ ਮੁੱਖ ਸਕੱਤਰ ਵਜੋਂ ਹੋਈ ਹੈ। ਦੋ ਹੋਰ ਮ੍ਰਿਤਕਾਂ ਦੀ ਪਛਾਣ ਉਮਰ ਹੱਜਾਮ ਤੇ ਹਾਰੁਨ ਬੇਗ ਵਜੋਂ ਹੋਈ ਹੈ। ਦੋਵੇਂ ਕਾਜੀਗੰਦ ਦੇ ਹੀ ਰਹਿਣ ਵਾਲੇ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਨੇ ਵਾਈ ਕੇ ਪੋਰਾ ਦੇ ਤਿੰਨ ਵਿਅਕਤੀਆਂ 'ਤੇ ਗੋਲੀ ਚਲਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਦੇ ਲਈ ਕਾਜੀਗੰਦਾ ਦੇ ਇੱਕ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕਾਜੀਗੰਦਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸੀਮਾ ਨਾਜਰ ਨੇ ਦੱਸਿਆ ਕਿ ਹਸਪਤਾਲ ਲਿਆਂਦੇ ਜਾਣ ਤੋਂ ਪਹਿਲਾਂ ਹੀ ਤਿੰਨੋਂ ਦੀ ਮੌਤ ਹੋ ਗਈ ਸੀ।
ਉੱਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਨੂੰ ਬੰਦ ਕਰ ਦਿੱਤਾ ਗਿਆ ਤੇ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ।