ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਚਾਰ ਏਜੰਸੀ ਏਐਨਆਈ ਨਾਲ ਇੱਕ ਖ਼ਾਸ ਇੰਟਰਵਿਊ ਦੌਰਾਨ ਦਿੱਲੀ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ‘ਤੇ ਗੱਲਬਾਤ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਹਰ ਇੱਕ ਵਿਅਕਤੀ ਦਾ ਇਲਾਜ ਕੀਤਾ ਜਾਵੇਗਾ।
ਸਿਸੋਦੀਆ ਦੇ ਬਿਆਨ 'ਤੇ ਸ਼ਾਹ ਦੀ ਪ੍ਰਤੀਕਿਰਿਆ
ਆਪਣੀ ਇੰਟਰਵਿਊ 'ਚ ਉਨ੍ਹਾਂ ਉਪ ਮੁੱਖ ਮੰਤਰੀ ਸਨੀਸ਼ ਸਿਸੋਦੀਆ ਦੇ 31 ਜੁਲਾਈ ਤੱਕ ਪੰਜ ਲੱਖ ਕੋਰੋਨਾ ਦੇ ਮਾਮਲੇ ਵਾਲੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਸਿਸੋਦੀਆ ਦੇ ਬਿਆਨ ਤੋਂ ਦਿੱਲੀ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ 31 ਜੁਲਾਈ ਦੇ ਅੰਤ ਤੱਕ ਦਿੱਲੀ ਚ 5.5 ਲੱਖ ਕੋਰੋਨਾ ਮਾਮਲੇ ਨਹੀਂ ਹੋਣਗੇ, ਅਤੇ ਉਨ੍ਹਾਂ ਦਿੱਲੀ 'ਚ ਕਮਿਊਨਿਟੀ ਟਰਾਂਸਮਿਸ਼ਨ ਦੀ ਗੱਲ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਹੈ।
ਦਿੱਲੀ ਦੇ ਹਲਾਤਾਂ 'ਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ 'ਚ ਹਾਲਾਤ ਕਾਬੂ 'ਚ ਹਨ ਅਤੇ ਵੱਡੇ ਪੱਧਰ 'ਤੇ ਟੈਸਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਏਮਜ਼ ਦੇ ਮਾਹਰ ਹਸਪਤਾਲਾਂ 'ਚ ਮਦਦ ਵੀ ਕਰ ਰਹੇ ਹਨ।
ਦਿੱਲੀ 'ਚ ਹੋਮ ਆਈਸੋਲੇਸ਼ਨ ਦੇ ਵਿਵਾਦ 'ਤੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਬੰਧੀ ਕੋਈ ਵਿਵਾਦ ਨਹੀਂ ਹੈ, ਛੋਟੀ-ਛੋਟੀ ਗੱਲਾਂ ਨੂੰ ਵਾਧੂ 'ਚ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਹਰ ਰੋਜ਼ 16 ਹਜ਼ਾਰ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਦਿੱਲੀ 'ਚ ਕੋਰੋਨਾ ਟੈਸਟ 4 ਗੁਣਾ ਵਧਾਏ ਗਏ ਹਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਐਨਸੀਆਰ 'ਚ ਵੱਧਦੇ ਕੋਰੋਨਾ ਮਰੀਜ਼ਾਂ ਨੂੰ ਘੱਟ ਕਰਨ ਲਈ ਦਿੱਲੀ ਸਣੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮਿਲ ਕੇ ਰਣਨਿਤੀ ਬਣਾਈ ਗਈ ਹੈ। ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।
ਮਜ਼ਦੂਰਾਂ ਦੇ ਮੁੱਦੇ 'ਤੇ ਬੋਲੇ ਅਮਿਤ ਸ਼ਾਹ
ਆਪਣੇ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਲੈ ਕੇ ਵੀ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਅਮਿਤ ਸ਼ਾਹ ਅਨੁਸਾਰ ਹੁਣ ਤੱਕ 63 ਲੱਖ ਮਜ਼ਦੂਰਾਂ ਨੂੰ ਵਿਸ਼ੇਸ਼ ਗੱਡੀਆਂ ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ।
ਦੱਸਣਯੋਗ ਹੈ ਕਿ ਕੇਂਦਰ ਅਤੇ ਰਾਜ ਦੀ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਵੱਧ ਰਹੇ ਕੋਰੋਨਾ ‘ਤੇ ਮਿਲ ਕੇ ਕੰਮ ਕਰ ਰਹੀ ਹੈ। ਹਾਲ ਹੀ ਵਿੱਚ, ਰਾਧਾ ਸਵਾਮੀ ਸਤਸੰਗ ਬਿਆਸ, ਦਿੱਲੀ ਵਿੱਚ 10,000 ਤੋਂ ਵੱਧ ਬੈਡਾਂ ਵਾਲਾ ਇੱਕ ਕੋਵਿਡ ਕੇਅਰ ਸੈਂਟਰ ਅਤੇ ਹਸਪਤਾਲ ਬਣਾਇਆ ਗਿਆ ਹੈ। ਜਿਸ ਦਾ ਬੀਤੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਜਾਇਜ਼ਾ ਲਿਆ ਸੀ।