ਲਾਹੌਰ: ਬੀਤੇ ਦਿਨੀਂ ਪਾਕਿਸਤਾਨ ਦੇ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਰੇਲਗੱਡੀ ਵਿੱਚ ਰਸੋਈ ਗੈਸ ਸਿਲੰਡਰ 'ਚ ਧਮਾਕੇ ਕਾਰਨ ਅੱਗ ਲੱਗ ਗਈ ਸੀ। ਰੇਲਗੱਡੀ ਵਿੱਚ ਅੱਗ ਲੱਗਣ ਤੋਂ ਤਿੰਨ ਦਿਨ ਬਾਅਦ ਵੀ ਮੀਰਪੁਰਖਾਸ ਤੇ ਉਮਰਕੋਟ ਜ਼ਿਲ੍ਹੇ ਦੇ 50 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿੱਚ 74 ਲੋਕਾਂ ਦੀ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਿਕ ਮੀਰਪੁਰਖ਼ਾਸ ਦੇ ਡਿਪਟੀ ਕਮਿਸ਼ਨਰ ਸਈਯਦ ਅਤਾਉੱਲਾਹ ਸ਼ਾਹ ਬੁਖਾਰੀ ਨੇ ਸ਼ਨੀਵਾਰ ਨੂੰ ਉਨ੍ਹਾਂ 16 ਲੋਕਾਂ ਲਈ ਆਵਾਜਾਈ ਦਾ ਪ੍ਰਬੰਧ ਕੀਤਾ, ਜਿਹੜੇ ਆਪਣੇ ਡੀਐਨਏ ਦੇ ਨਮੂਨੇ ਮੁਹੱਈਆ ਕਰਾਉਣ ਲਈ ਸੜਕ ਰਾਹੀਂ ਰਹੀਮਿਆਰ ਖ਼ਾਨ ਕਸਬੇ ਵਿੱਚ ਗਏ।
ਇਸ ਤੋਂ ਇਲਾਵਾ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਈ ਪਰਿਵਾਰ ਖ਼ੁਦ ਰਹਿਮਿਆਰ ਖ਼ਾਨ ਪਹੁੰਚੇ। ਉਸ ਨੂੰ ਦੱਸਿਆ ਗਿਆ ਸੀ ਕਿ ਡੀਐਨਏ ਟੈਸਟ ਦੀ ਰਿਪੋਰਟ ਸੱਤ ਦਿਨਾਂ ਬਾਅਦ ਸਾਂਝੀ ਕੀਤੀ ਜਾਵੇਗੀ। ਡੀਸੀ ਦਫ਼ਤਰ ਦੇ ਅਧਿਕਾਰਤ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੀਰਪੁਰਖ਼ਾਸ ਖੇਤਰ ਦੇ 45 ਲੋਕ ਅਜੇ ਵੀ ਲਾਪਤਾ ਹਨ, ਜਦੋਂ ਕਿ ਦੂਜੇ ਸਰੋਤਾਂ ਨੇ ਇਹ ਅੰਕੜਾ 60 ਦੱਸਿਆ ਹੈ।
ਤੇਜਗਮ ਐਕਸਪ੍ਰੈਸ ਰੇਲਗੱਡੀ ਵਿੱਚ ਲੱਗੀ ਅੱਗ ਵਿਚ ਮਾਰੇ ਗਏ ਸੱਤ ਲੋਕਾਂ ਨੂੰ ਮੀਰਪੁਰਖ਼ਾਸ ਤੇ 6 ਹੋਰ ਲੋਕਾਂ ਨੂੰ ਉਮਰਕੋਟ ਵਿਖੇ ਰੱਖਿਆ ਗਿਆ ਸੀ। ਮੀਰਪੁਰਖ਼ਾਸ ਦੇ ਇੱਕ ਹੋਰ ਵਿਅਕਤੀ ਮੁਹੰਮਦ ਲਿਆਕਤ ਦੀ ਸ਼ਨੀਵਾਰ ਨੂੰ ਮੁਲਤਾਨ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਮਰਕੋਟ ਦੇ ਪੰਜ ਵਸਨੀਕ ਵੀ ਹਾਲੇ ਵੀ ਲਾਪਤਾ ਹਨ।
ਦੋਹਾਂ ਜ਼ਿਲ੍ਹਿਆਂ ਦੇ 80 ਤੋਂ ਵੱਧ ਵਿਅਕਤੀ ਹੈਦਰਾਬਾਦ ਰੇਲਵੇ ਸਟੇਸ਼ਨ ਤੋਂ ਤੇਜਗਮ ਐਕਸਪ੍ਰੈਸ ਦੇ ਤਿੰਨ ਸੜੀਆਂ ਬੋਗੀਆਂ ਵਿੱਚ ਸਵਾਰ ਹੋਏ ਸਨ। ਜ਼ਿਆਦਾਤਰ ਪੀੜਤ ਸਾਲਾਨਾ ਤਬਲੀਗੀ ਇਜਤਿਮਾ ਦੇ ਸਮਾਗਮ ਵਿੱਚ ਭਾਗ ਲੈਣ ਲਈ ਯਾਤਰਾ ਕਰ ਰਹੇ ਸਨ। ਉਹ ਸਾਰੇ ਰਾਵਲਪਿੰਡੀ ਵਿੱਚ ਹੋਣ ਵਾਲੇ ਇਸ ਸਮਾਗਮ ਲਈ ਲਾਹੌਰ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਜਿਨ੍ਹਾਂ ਤਿੰਨ ਕੋਚਾਂ ਵਿਚ ਅੱਗ ਲੱਗੀ ਸੀ, ਉਨ੍ਹਾਂ ਵਿੱਚ 200 ਤੋਂ ਜ਼ਿਆਦਾ ਲੋਕ ਸਵਾਰ ਸਨ।