ਤਾਮਿਲਨਾਡੂ: ਤਿਰੂਚਿਰਾਪੱਲੀ ਦੇ ਨਾਦੁਕੱਟੂਪੱਟੀ ਵਿਖੇ 25 ਫੁੱਟ ਡੂੰਘੇ ਬੋਰਵੇਲ ਵਿੱਚ ਡਿੱਗੇ 2 ਸਾਲਾ ਸੁਜੀਤ ਵਿਲਸਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 3 ਦਿਨਾਂ ਦੀ ਕੋਸ਼ਿਸ਼ਾ ਦੇ ਬਾਅਦ ਬੋਰਵੈੱਲ ਵਿੱਚੋਂ ਮਾਸੂਮ ਬੱਚੇ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ ਹੈ।
ਤਾਮਿਲਨਾਡੂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਜੇ ਰਾਧਾਕ੍ਰਿਸ਼ਨਨ ਨੇ ਕਿਹਾ, ‘ਦੋ ਸਾਲ ਦੇ ਬੱਚੇ ਦੀ ਦੇਹ ਹੁਣ ਸੜਨ ਵਾਲੀ ਹਾਲਤ ‘ਚ ਹੈ। ਉਨ੍ਹਾਂ ਵੱਲੋਂ ਮਾਸੂਮ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਬਦਕਿਸਮਤੀ ਨਾਲ ਬੋਰਵੈਲ ਤੋਂ ਬਦਬੂ ਆ ਰਹੀ ਸੀ। ਬੱਚੇ ਦੀ ਦੇਹ ਬਰਾਮਦ ਹੋਣ ਤੋਂ ਬਾਅਦ ਖੁਦਾਈ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬਚਾਅ ਕਾਰਜ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਸੀ ਕਿ ਬੱਚੇ ਨੂੰ ਬਾਹਰ ਕੱਢਣ ਵਿੱਚ ਅੱਧਾ ਦਿਨ ਹੋਰ ਲੱਗ ਜਾਵੇਗਾ, ਪਰ ਮੰਗਲਵਾਰ ਦੀ ਤੜਕੇ ਬੋਰਵੇਲ ਦੇ ਅੰਦਰੋਂ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬੱਚੇ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ। ਬੱਚੇ ਦੀ ਦੇਹ ਨੂੰ ਮਨੱਪਾਰਾਏ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 2 ਸਾਲਾ ਸੁਜੀਤ ਵਿਲਸਨ ਸ਼ੁੱਕਰਵਾਰ ਸ਼ਾਮ ਨੂੰ ਘਰ ਦੇ ਨੇੜੇ ਖੇਡਦਿਆਂ ਹੋਇਆਂ ਬੋਰਵੇਲ ਵਿੱਚ ਡਿੱਗ ਗਿਆ ਸੀ। ਸ਼ੁਰੂ ਵਿੱਚ ਉਹ 35 ਫੁੱਟ ਡੂੰਘਾਈ 'ਤੇ ਸੀ, ਪਰ ਬਚਾਅ ਕਾਰਜ ਸ਼ੁਰੂ ਹੋਣ ਤੋਂ ਬਾਅਦ, ਬੱਚਾ ਖਿਸਕ ਗਿਆ ਅਤੇ 70 ਫੁੱਟ ਦੀ ਡੂੰਘਾਈ 'ਤੇ ਚਲਾ ਗਿਆ। ਬੀਤੇ ਸ਼ੁੱਕਰਵਾਰ ਸ਼ਾਮ ਨੂੰ 5:30 ਵਜੇ ਤੋਂ ਬੱਚੇ ਨੂੰ ਲਗਾਤਾਰ ਆਕਸੀਜਨ ਸਪਲਾਈ ਕੀਤੀ ਜਾ ਰਹੀ ਸੀ। ਇਨ੍ਹਾਂ ਸਾਰੀਆਂ ਕੋਸ਼ਿਸ਼ਾ ਦੇ ਬਾਅਦ ਵੀ ਬੱਚੇ ਨੂੰ ਬਚਾਇਆ ਨਾ ਜਾ ਸਕਿਆ।