ਆਗਰਾ: ਸੱਭਿਆਚਾਰ ਮੰਤਰਾਲੇ ਨੇ 6 ਜੁਲਾਈ ਯਾਨੀ ਸੋਮਵਾਰ ਤੋਂ ਇਤਿਹਾਸਕ ਸਮਾਰਕਾਂ ਨੂੰ ਖੋਲ੍ਹਣ ਅਤੇ ਸੈਰ ਸਪਾਟਾ ਕਰਨ ਦਾ ਐਲਾਨ ਕੀਤਾ ਹੈ। ਕਈ ਸਮਾਰਕ ਖੁੱਲ੍ਹ ਵੀ ਰਹੇ ਹਨ, ਪਰ ਤਾਜ ਮਹਿਲ 6 ਜੁਲਾਈ ਤੋਂ ਨਹੀਂ ਖੁੱਲ੍ਹੇਗਾ। ਇਸ ਦੇ ਦੀਦਾਰ ਲਈ ਕੁੱਝ ਦਿਨ ਹੋਰ ਉਡੀਕ ਕਰਨੀ ਪਵੇਗੀ। ਸਿਰਫ ਤਾਜ ਹੀ ਨਹੀਂ, ਤਾਜਨਗਰੀ ਦੀਆਂ ਹੋਰ ਇਤਿਹਾਸਕ ਯਾਦਗਾਰਾਂ ਵੀ ਬੰਦ ਰਹਿਣਗੀਆਂ।
ਜਾਣਕਾਰੀ ਅਨੁਸਾਰ ਕੋਰੋਨਾ ਸੰਕਟ ਦੇ ਮੱਦੇਨਜ਼ਰ ਆਗਰਾ ਪ੍ਰਸ਼ਾਸਨ ਨੇ ਤਾਜ ਮਹਿਲ ਨੂੰ ਫਿਲਹਾਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। 6 ਜੁਲਾਈ ਤੋਂ ਏਐਸਆਈ ਵੱਲੋਂ ਸੁਰੱਖਿਅਤ ਸਮਾਰਕਾਂ ਅਤੇ ਇਮਾਰਤਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕੇਰਲ: ਮਹਾਂਮਾਰੀ ਰੋਗ ਕਾਨੂੰਨ ਲਾਗੂ, ਸਾਲ ਤੱਕ ਮਾਸਕ ਪਹਿਨਣਾ ਜ਼ਰੂਰੀ
ਆਗਰਾ ਦੇ ਡੀਐਮ ਪ੍ਰਭੂ ਐਨ ਸਿੰਘ ਨੇ ਤਾਜ ਮਹਿਲ ਸਮੇਤ ਫ਼ਤਿਹਪੁਰ ਸੀਕਰੀ, ਆਗਰਾ ਦੇ ਕਿਲ੍ਹੇ ਸਮੇਤ ਆਗਰਾ ਦੇ ਸਾਰੇ ਸਮਾਰਕਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਆਗਰਾ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਆਗਰਾ ਪ੍ਰਸ਼ਾਸਨ ਅਤੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਡੀਐਮ ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੰਟੇਨਮੈਂਟ ਜ਼ੋਨ ਤਾਜਗੰਜ ਖੇਤਰ ਵਿੱਚ ਹੋਣ ਕਾਰਨ ਤਾਜ ਮਹਿਲ ਅਤੇ ਬਫਰ ਜ਼ੋਨ ਵਿੱਚ ਹੋਰ ਯਾਦਗਾਰਾਂ ਬੰਦ ਰਹਿਣਗੀਆਂ।