ਨਵੀਂ ਦਿੱਲੀ: ਸਬ ਲੈਫਟੀਨੈਂਟ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕੋਚੀ ਨੇਵਲ ਬੇਸ 'ਤੇ ਆਪਰੇਸ਼ਨਲ ਡਿਊਟੀ ਜੁਆਇਨ ਕੀਤੀ।
ਜਲ ਸੈਨਾ ਦੇ ਅਧਿਕਾਰੀਆਂ ਮੁਤਾਬਿਕ ਸ਼ਿਵਾਂਗੀ ਡ੍ਰੋਨਿਅਰ ਸਰਵਿਲੈਂਸ ਏਅਰਕ੍ਰਾਫਟ ਉਡਾਉਣਗੀ। ਦੱਸ ਦਈਏ, ਕਿ ਇਸ ਸਾਲ ਏਅਰਫ਼ੋਰਸ ਵਿੱਚ ਵੀ ਫਲਾਇਟ ਲੈਫਟੀਨੈਂਟ ਭਾਵਨਾ ਕਾਂਤ ਲੜਾਕੂ ਜਹਾਜ਼ ਉਡਾਉਣ ਵਾਲੀ ਮਹਿਲਾ ਪਾਇਲਟ ਬਣੀ ਸੀ।
ਜਾਣਕਾਰੀ ਮੁਤਾਬਿਕ ਸ਼ਿਵਾਂਗੀ ਹਿੰਦੁਸਤਾਨ ਏਅਰਨੋਟਿਕਸ ਲਿਮਿਟਿਡ ਵੱਲੋਂ ਤਿਆਰ ਕੀਤੇ ਗਏ ਡ੍ਰੋਨਿਅਰ 228 ਜਹਾਜ਼ ਉਡਾਣਗੀ। ਇਹ ਜਹਾਜ਼ ਥੋੜੀ ਦੂਰੀ ਵਾਲੇ ਸਮੁੰਦਰੀ ਮਿਸ਼ਨਾਂ ਲਈ ਭੇਜਿਆ ਗਿਆ ਹੈ। ਇਸ ਵਿੱਚ ਅਡਵਾਂਸ ਨਿਗਰਾਨੀ ਰਡਾਰ, ਇਲੈਕਟ੍ਰਾਨਿਕ ਸੈਂਸਰ ਅਤੇ ਨੈਟਵਰਕਿੰਗ ਵਰਗੇ ਬਹੁਤ ਸਾਰੇ ਵਧੀਆ ਗੁਣ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਦਮ 'ਤੇ ਇਹ ਜਹਾਜ਼ ਭਾਰਤੀ ਸਮੁੰਦਰੀ ਖੇਤਰ ਦੀ ਨਿਗਰਾਨੀ ਕਰੇਗਾ।