ਪਟਨਾ: ਸੀਪੀਆਈ ਨੇਤਾ ਕਨ੍ਹਈਆ ਕੁਮਾਰ ਦੇ ਕਾਫ਼ਲੇ 'ਤੇ ਇੱਕ ਵਾਰ ਮੁੜ ਤੋਂ ਪੱਥਰਬਾਜ਼ੀ ਕੀਤੀ ਗਈ ਹੈ। ਇਹ ਘਟਨਾ ਬਿਹਾਰ ਦੇ ਸਹਰਸਾ ਜਾਂਦੇ ਵੇਲੇ ਵਾਪਰੀ। ਇਸ ਹਮਲੇ ਵਿੱਚ ਉਨ੍ਹਾਂ ਦੇ ਕਾਫ਼ਲੇ ਵਿੱਚ ਚੱਲ ਰਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ।
ਇਸ ਘਟਨਾ ਤੋਂ ਬਾਅਦ ਕਨ੍ਹਈਆ ਕੁਮਾਰ ਦੇ ਸਮਰਥਕਾ ਨੇ ਜਮ ਕੇ ਹੰਗਾਮਾ ਕੀਤਾ। ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਪ੍ਰਦਰਸ਼ਕਾਰੀਆਂ ਨੂੰ ਹਟਾਉਣ ਲਈ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਦੂਜੀ ਵਾਰ ਹੈ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਕਨ੍ਹਈਆ ਕੁਮਾਰ ਦੇ ਕਾਫ਼ਲੇ ਤੇ ਹਮਲਾ ਹੋਇਆ ਹੋਵੇ।
ਕਨ੍ਹਈਆ ਕੁਮਾਰ ਦੀ ਮੀਡੀਆ ਟੀਮ ਨੇ ਦੱਸਿਆ ਕਿ ਬੁੱਧਵਾਰ ਨੂੰ ਜਨ-ਗਣ-ਮਨ ਦੇ ਸੱਤਵੇਂ ਦਿਨ ਜਦੋਂ ਕਾਫ਼ਲਾ ਸੁਪੌਲ ਵਿੱਚੋਂ ਲੰਘ ਰਿਹਾ ਸੀ ਇਸ ਦੌਰਾਨ ਮਲਿਕ ਚੌਕ ਦੇ ਨੇੜੇ ਸੱਤਾਧਾਰੀ ਧਿਰ ਦੇ ਸਮਰਥਕਾ ਨੇ ਕਾਫ਼ਲੇ ਦੀਆਂ ਗੱਡੀਆਂ ਉੱਤੇ ਨਾਅਰੇ ਲਾ ਕੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ 2 ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਸਦਰ ਥਾਣੇ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਹੀ ਵਾਪਰਿਆ ਹੈ।
ਇਹ ਦੱਸ ਦਈਏ ਕਿ ਇਹ ਕੋਈ ਪਹਿਲਾਂ ਹਮਲਾ ਨਹੀਂ ਹੈ ਇਸ ਤੋਂ ਪਹਿਲਾਂ 1 ਫ਼ਰਵਰੀ ਨੂੰ ਵੀ ਕਨ੍ਹਈਆ ਕੁਮਾਰ ਦੇ ਕਾਫ਼ਲੇ ਤੇ ਪੱਥਰਬਾਜ਼ੀ ਕੀਤੀ ਗਈ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਕਨ੍ਹਈਆ ਇਸ ਵੇਲੇ ਬਿਹਾਰ ਵਿੱਚ ਸੋਧੇ ਗਏ ਨਾਗਰਿਕਤਾ ਕਾਨੂੰਨ, ਐਨਆਰਸੀ ਅਤੇ ਐਪੀਆਰ ਦੇ ਵਿਰੁੱਧ ਜਨ-ਗਣ-ਮਨ ਯਾਤਰਾ ਤੇ ਹਨ। ਇੱਕ ਮਹੀਨੇ ਤੱਕ ਚੱਲਣ ਵਾਲੀ ਇਸ ਯਾਤਰਾ ਵਿੱਚ ਕਨ੍ਹਈਆ ਬਿਹਾਰ ਦੇ ਲੱਗਭੱਗ ਸਾਰੇ ਵੱਡੇ ਸ਼ਹਿਰਾਂ ਤੱਕ ਪੁਹੰਚ ਕਰਨਗੇ।