ਨਵੀਂ ਦਿੱਲੀ: ਪਾਕਿਸਤਾਨੀ ਐੱਫ਼-16 ਲੜਾਕੂ ਜਹਾਜ਼ ਨੇ ਪਿਛਲੇ ਮਹੀਨੇ ਆਪਣੇ ਹਵਾਈ ਖੇਤਰ ਵਿੱਚ ਲਗਭਗ ਇੱਕ ਘੰਟੇ ਤੱਕ ਕਾਬੂਲ ਜਾਣ ਵਾਲੇ ਸਪਾਇਸ ਜੈੱਟ ਦੇ ਇੱਕ ਯਾਤਰੀ ਜਹਾਜ਼ ਨੂੰ ਘੇਰ ਕੇ ਰੱਖਿਆ। ਇੰਨਾਂ ਹੀ ਨਹੀਂ ਉਸ ਦੇ ਪਾਇਲਟ ਨੂੰ ਉਸ ਦੀ ਉੱਚਾਈ ਘੱਟ ਕਰਨ ਤੇ ਜਹਾਜ਼ ਦੇ ਵੇਰਵਿਆਂ ਨਾਲ ਰਿਪੋਰਟ ਕਰਨ ਲਈ ਕਿਹਾ। ਇਹ ਘਟਨਾ 23 ਸਤੰਬਰ ਦੀ ਹੈ।
ਇਸ ਬਾਰੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ, ਜਹਾਜ਼ ਵਿੱਚ 120 ਮੁਸਾਫ਼ਰ ਸਵਾਰ ਸਨ। DGCA ਦੇ ਅਧਿਕਾਰੀਆਂ ਮੁਤਾਬਿਕ ਜਦੋਂ ਬੋਇੰਗ 737 ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਇਆ ਤਾਂ ਉਸ ਵੇਲੇ ਦਿੱਤੇ ਗਏ ‘ਕਾਲ ਸਾਈਨ’ ਨੂੰ ਲੈ ਕੇ ਹਫੜਾ-ਦਫੜੀ ਪੈਦਾ ਹੋ ਗਈ ਜਿਸ ਕਰਕੇ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਪਾਕਿਸਤਾਨੀ ਹਵਾਈ ਫ਼ੌਜ ਦੇ ਜਹਾਜ਼ ਨੇ ਸਪਾਇਸਜੈੱਟ ਦੇ ਜਹਾਜ਼ ਨੂੰ ਆਪਣੀ ਉਚਾਈ ਘਟਾਉਣ ਲਈ ਕਿਹਾ। ਸਪਾਈਸ ਜੈੱਟ ਦੇ ਪਾਇਲਟਾਂ ਨੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨਾਲ ਗੱਲਬਾਤ ਕੀਤੀ ਤੇ ਵਪਾਰਕ ਹਵਾਈ ਜਹਾਜ਼ ਵਜੋਂ ਆਪਣੀ ਪਛਾਣ ਜ਼ਾਹਰ ਕੀਤੀ।
ਇਸ ਤੋਂ ਬਾਅਦ ਸਪਾਇਸ ਜੈੱਟ ਦੇ ਜਹਾਜ਼ ਨੂੰ ਯਾਤਰਾ ਜਾਰੀ ਰੱਖਣ ਲਈ ਕਿਹਾ ਗਿਆ ਤੇ ਉਸ ਨੂੰ ਅਫ਼ਗ਼ਾਨਿਸਤਾਨ ਦੇ ਹਵਾਈ ਖੇਤਰ ਵਿੱਚ ਨਹੀਂ ਦਾਖ਼ਲ ਹੋਣ ਤੋਂ ਬਚਾ ਲਿਆ। ਫ਼ਿਲਹਾਲ ਸਪਾਇਸ ਜੈੱਟ ਨੇ ਇਸ ਮਾਮਲੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਬਾਲਾਕੋਟ ਵਿਖੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲੇ ਤੋਂ ਬਾਅਦ ਤੋਂ ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜੁਲਾਈ ਵਿੱਚ ਇਸ ਨੂੰ ਅੰਸ਼ਕ ਤੌਰ 'ਤੇ ਖੋਲ੍ਹਣ ਦਾ ਫ਼ੈਸਲਾ ਕੀਤਾ। ਕੁਝ ਦਿਨਾਂ ਬਾਅਦ, ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਨੇ ਮੰਨਿਆ ਕਿ ਏਅਰਸਪੇਸ ਪਾਬੰਦੀਆਂ ਕਾਰਨ ਉਸ ਦੇ ਦੇਸ਼ ਨੂੰ 50 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।