ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਆਪਣੀ ਪਤਨੀ ਮੇਲਾਨੀਆ ਨਾਲ ਭਾਰਤ ਪਹੁੰਚ ਰਹੇ ਹਨ। ਰਾਸ਼ਟਰਪਤੀ ਟਰੰਪ ਗੁਜਰਾਤ ਦੇ ਅਹਿਮਦਾਬਾਦ ਵਿੱਚ ਲੈਂਡ ਕਰਨਗੇ, ਜਿੱਥੇ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਟਰੰਪ ਦੀ ਮੇਜ਼ਬਾਨੀ ਕਰਨਗੇ। ਇਸ ਸਮੇਂ ਦੌਰਾਨ ਉਨ੍ਹਾਂ ਦੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਟਰੰਪ ਲਈ ਖ਼ਾਸ ਪਕਵਾਨ ਪਰੋਸੇ ਜਾਣਗੇ।
ਰਾਸ਼ਟਰਪਤੀ ਟਰੰਪ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵੀ ਜਾਣਗੇ। ਇਸ ਫੇਰੀ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਆਸ਼ਰਮ ਵਿੱਚ ਹੀ ਭੋਜਨ ਕਰਨਗੇ। ਉੱਘੇ ਸ਼ੈੱਫ ਸੁਰੇਸ਼ ਖੰਨਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਲਈ ਭੋਜਨ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸੁਰੇਸ਼ ਖੰਨਾ ਫਾਰਚੂਨਰ ਲੈਂਡਮਾਰਕ ਹੋਟਲ ਦਾ ਸ਼ੈੱਫ ਹੈ। ਉਸ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ, ਪਹਿਲੀ ਮਹਿਲਾ ਮੇਲਾਨੀਆ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਭੋਜਨ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ੈੱਫ ਸੁਰੇਸ਼ ਖੰਨਾ ਮੁਤਾਬਕ ਰਾਸ਼ਟਰਪਤੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਭੋਜਨ ਵਿੱਚ ਗੁਜਰਾਤੀ ਮੈਨਿਉ ਰੱਖਿਆ ਗਿਆ ਹੈ। ਫਾਰਚੂਰਨ ਸਿਗਨੇਚਰ ਕੂਕੀਜ਼, ਨਾਈਲੋਨ ਖਮਨ, ਬ੍ਰੋਕਲੀ ਅਤੇ ਕਾਰਨ ਸਮੋਸਾ ਅਤੇ ਦਾਲਚੀਨੀ ਐਪਲ ਪਾਈ ਮੈਨਿਉ 'ਚ ਹੋਣਗੇ।
ਇਹ ਵੀ ਪੜ੍ਹੋ: #namastetrump: 11.30 ਵਜੇ ਬੰਦ ਹੋ ਜਾਵੇਗਾ ਤਾਜ ਮਹਿਲ ਦਾ ਟਿਕਟ ਘਰ
ਸੁਰੇਸ਼ ਖੰਨਾ ਨੇ ਅਹਿਮਦਾਬਾਦ ਵਿੱਚ ਮੀਡੀਆ ਨੂੰ ਦੱਸਿਆ ਕਿ ਉਹ ਵਿਸ਼ੇਸ਼ ਅਦਰਕ ਅਤੇ ਮਸਾਲਾ ਚਾਹ ਤਿਆਰ ਕਰ ਰਹੇ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਹੈ। ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਪਤਵੰਤਿਆਂ ਦੀ ਸੇਵਾ ਕੀਤੀ ਹੈ। ਖੰਨਾ ਪਿਛਲੇ 17 ਸਾਲਾਂ ਤੋਂ ਗੁਜਰਾਤ ਆਉਣ ਵਾਲੇ ਮਹਿਮਾਨਾਂ ਲਈ ਮੈਨਿਉ ਤਿਆਰ ਕਰ ਰਹੇ ਹਨ।
ਦੱਸ ਦਈਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨਿਆ ਟਰੰਪ ਨਾਲ ਸੋਮਵਾਰ ਨੂੰ ਦੋ ਦਿਨਾਂ ਦੌਰੇ ਲਈ ਭਾਰਤ ਆ ਰਹੇ ਹਨ। ਟਰੰਪ ਸੋਮਵਾਰ ਨੂੰ ਸਵੇਰੇ 11.40 ਵਜੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ 'ਤੇ ਟਰੰਪ ਦਾ ਸਵਾਗਤ ਕਰਨਗੇ। ਇਸ ਤੋਂ ਬਾਅਦ ਸ਼ਾਨਦਾਰ ਰੋਡ ਸ਼ੋਅ ਆਯੋਜਿਤ ਕੀਤਾ ਜਾਵੇਗਾ ਅਤੇ ਅਮਰੀਕੀ ਰਾਸ਼ਟਰਪਤੀ ਸਾਬਰਮਤੀ ਆਸ਼ਰਮ ਪਹੁੰਚਣਗੇ।