ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਸਹਿਮਤੀ ਨਾ ਬਣਨ ਕਾਰਨ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਦੂਜੇ ਪਾਸੇ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਵਿਚਾਲੇ ਸਰਕਾਰ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਅਜੇ ਤੱਕ ਇਸ ਉੱਤੇ ਕੋਈ ਆਖਰੀ ਫੈਸਲਾ ਨਹੀਂ ਹੋ ਸਕਿਆ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ 17 ਨਵੰਬਰ ਨੂੰ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਸ਼ਿਵ ਸੈਨਾ ਨਾਲ ਗੱਠਜੋੜ ਦੇ ਮੁੱਦੇ ਉੱਤੇ ਚਰਚਾ ਹੋ ਸਕਦੀ ਹੈ।
ਤਿੰਨਾਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਅਗਲੇ 20 ਦਿਨਾਂ ਵਿੱਚ ਨਵੀਂ ਸਰਕਾਰ ਬਣਾਉਣ ਦਾ ਕੰਮ ਪੂਰਾ ਹੋ ਜਾਵੇ। ਇਸ ਸਬੰਧ ਵਿੱਚ ਬੀਤੇ ਦਿਨ ਮੁੰਬਈ ਵਿੱਚ ਪਹਿਲੀ ਵਾਰ ਤਿੰਨਾਂ ਪਾਰਟੀਆਂ ਦੀ ਇਕ ਬੈਠਕ ਹੋਈ ਜਿਸ ਵਿੱਚ ਘੱਟੋ ਘੱਟ ਸਾਂਝਾ ਪ੍ਰੋਗਰਾਮ ਦਾ ਫਾਰਮੈਟ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਤਿੰਨਾਂ ਪਾਰਟੀਆਂ ਦੇ ਵੱਡੇ ਆਗੂ ਇਕੱਠੇ ਵਿਚਾਰ ਕਰਨਗੇ। ਪਹਿਲਾਂ ਇਹ ਫਾਰਮੈਟ ਤਿੰਨ ਪਾਰਟੀਆਂ ਦੇ ਵੱਡੇ ਆਗੂ ਵੇਖਣਗੇ ਉਸ ਤੋਂ ਬਾਅਦ ਤਿੰਨਾਂ ਦੀ ਆਮ ਸਹਿਮਤੀ ਬਣੇਗੀ।
ਦੱਸ ਦਈਏ ਕਿ ਭਾਜਪਾ ਅਤੇ ਸ਼ਿਵ ਸੈਨਾ ਨੇ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀਆਂ, ਭਾਜਪਾ ਨੇ 105 ਅਤੇ ਸ਼ਿਵ ਸੈਨਾ ਨੇ 57 ਸੀਟਾਂ ਜਿੱਤੀਆਂ ਜੋ ਕਿ 288 ਮੈਂਬਰੀ ਵਿਧਾਨਸਭਾ ਵਿੱਚ ਬਹੁਮਤ ਲਈ ਕਾਫੀ ਸੀ। ਢਾਈ ਸਾਲ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਸ਼ਿਵ ਸੈਨਾ ਦੀ ਮੰਗ ਉੱਤੇ ਸਹਿਮਤੀ ਨਹੀਂ ਬਣੀ ਅਤੇ ਭਾਜਪਾ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਦੂਜੀ ਅਤੇ ਤੀਜੀ ਸਭ ਤੋਂ ਵੱਡੀ ਪਾਰਟੀ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਕਿਹਾ ਕਿ ਉਹ ਅਜੇ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕਰਨਗੀਆਂ ਜਿਸ ਤੋਂ ਬਾਅਦ ਮਾਹਾਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ।