ਨਵੀਂ ਦਿੱਲੀ: ਦਿੱਲੀ ਦੇ ਰਹਿਣ ਵਾਲੇ 76 ਸਾਲਾ ਹਰਜਿੰਦਰ ਸਿੰਘ ਲੋਕਾਂ ਲਈ ਮਿਸਾਲ ਹਨ। ਸੜਕ ਦੁਰਘਟਨਾ ਹੋਵੇ ਜਾਂ ਫ਼ਿਰ ਕਿਸੇ ਨੂੰ ਮੁਸੀਬਤ 'ਚ ਦੇਖ ਕੇ ਲੋਕ ਜਦੋਂ ਵੀਡੀਓ ਬਣਾ ਰਹੇ ਹੁੰਦੇ ਹਨ ਤਾਂ ਉਸ ਸਮੇਂ ਹਰਜਿੰਦਰ ਸਿੰਘ ਜ਼ਖ਼ਮੀ ਦਾ ਇਲਾਜ ਕਰ ਰਹੇ ਹੁੰਦੇ ਹਨ। ਹਰਜਿੰਦਰ ਸਿੰਘ ਨੇ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਆਪਣੇ ਰੋਜ਼ੀ ਰੋਟੀ ਦੇ ਸਾਧਨ ਨੂੰ ਹੀ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਹੈ। ਹਰਜਿੰਦਰ ਸਿੰਘ ਪੇਸ਼ੇ ਤੋਂ ਆਟੋ ਡਰਾਈਵਰ ਹਨ।
ਕਰਤਾਰਪੁਰ ਕੌਰੀਡੋਰ 'ਤੇ ਝੁਕਿਆ ਪਾਕਿਸਤਾਨ, ਲਿਆ ਵੱਡਾ ਫ਼ੈਸਲਾ
ਇਹ ਵੀ ਕਿਸੇ ਹੈਰਾਨਗੀ ਤੋਂ ਘੱਟ ਨਹੀਂ ਕਿ ਜਿਸ ਉਮਰ 'ਚ ਲੋਕਾਂ ਨੂੰ ਆਪਣੀ ਜ਼ਿੰਦਗੀ ਬੋਝ ਬਣਦੀ ਦਿਖਾਈ ਦਿੰਦੀ ਹੈ, ਉਸ ਉਮਰ 'ਚ ਹਰਜਿੰਦਰ ਸਿੰਘ ਜ਼ਿੰਦਾਦਿਲੀ ਦੀ ਮਿਸਾਲ ਪੇਸ਼ ਕਰ ਰਹੇ ਹਨ। ਹਰਜਿੰਦਰ ਸਿੰਘ ਰੋਜ਼ਾਨਾ ਆਪਣੀ 'ਆਟੋ ਐਂਬੂਲੈਂਸ' ਲੈ ਕੇ ਘਰੋਂ ਨਿਕਲ ਜਾਂਦੇ ਹਨ ਅਤੇ ਸੜਕਾਂ 'ਤੇ ਜ਼ਖ਼ਮੀਆਂ ਦੀ ਮਦਦ ਕਰਦੇ ਹਨ। ਕੁਝ ਲੋਕ ਤਾਂ ਉਨ੍ਹਾਂ ਨੂੰ 'ਦਿੱਲੀ ਦਾ ਫ਼ਰਿਸ਼ਤਾ' ਤੱਕ ਕਹਿ ਕੇ ਬੁਲਾਉਂਦੇ।
ਹਰਜਿੰਦਰ ਸਿੰਘ ਦੱਸਦੇ ਹਨ ਕਿ ਜਦ ਵੀ ਉਹ ਕਿਸੇ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਪਿਆ ਵੇਖਦੇ ਹਨ ਤਾਂ ਤੁਰੰਤ ਉਸ ਦੀ ਮਦਦ ਕਰਦੇ ਹਨ। ਉਹ ਇਸ ਕੰਮ ਦੇ ਕੋਈ ਪੈਸੇ ਵੀ ਨਹੀਂ ਲੈਂਦੇ। ਹਰਜਿੰਦਰ ਸਿੰਘ ਆਪਣੀ ਆਟੋ ਐਂਬੂਲੈਂਸ ਰਾਹੀਂ ਅਣਗਿਣਤ ਜ਼ਖ਼ਮੀਆਂ ਦੀ ਮਦਦ ਕਰ ਚੁੱਕੇ ਹਨ। ਉਹ ਰੋਜ਼ਾਨਾ ਤਕਰੀਬਨ ਇੱਕ ਦੁਰਘਟਨਾ ਪੀੜਤ ਨੂੰ ਹਸਪਤਾਲ ਛੱਡਦੇ ਹਨ। ਹਰਜਿੰਦਰ ਸਿੰਘ ਨੇ ਆਪਣੇ ਆਟੋ ਵਿੱਚ ਮੁਢਲੀ ਸਹਾਇਤਾ ਬਕਸਾ ਵੀ ਰੱਖਿਆ ਹੋਇਆ ਹੈ ਤਾਂ ਜੋ ਜ਼ਖ਼ਮੀ ਨੂੰ ਕੁਝ ਤੁਰੰਤ ਆਰਾਮ ਦਿੱਤਾ ਜਾ ਸਕੇ।
ਭੌਤਿਕਵਾਦ ਦੇ ਇਸ ਯੁੱਗ ਵਿੱਚ ਜਿੱਥੇ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਹੈ ਉੱਥੇ ਹੀ ਹਰਜਿੰਦਰ ਸਿੰਘ ਲੋਕਾਂ ਦੀ ਉਮੀਦ ਦੀ ਕਿਰਨ ਅਤੇ ਮਿਸਾਲ ਵਜੋਂ ਪੇਸ਼ ਹੋਏ ਹਨ।