ਸ੍ਰੀਨਗਰ: ਕਸ਼ਮੀਰ ਵਿੱਚ ਸਿੱਖ ਭਾਈਚਾਰਾ ਰਾਜਧਾਨੀ ਸ੍ਰੀਨਗਰ ਨੂੰ ਬਾਰਾਮੂਲਾ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਦੇ ਲਈ 72 ਸਾਲ ਪੁਰਾਣੇ ਗੁਰਦੁਆਰਾ ਦਮਦਮਾ ਸਾਹਿਬ ਨੂੰ ਤੋੜਨ ਲਈ ਸਹਿਮਤ ਹੋ ਗਿਆ ਹੈ। ਇਸ ਹਾਈਵੇ ਦਾ ਨਿਰਮਾਣ ਇਕ ਦਹਾਕੇ ਤੋਂ ਰੁਕਿਆ ਹੋਇਆ ਸੀ।
ਸਿੱਖ ਭਾਈਚਾਰੇ ਅਤੇ ਸ੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਹੋਏ ਇਕ ਸਮਝੌਤੇ ਅਨੁਸਾਰ ਨਵਾਂ ਗੁਰਦੁਆਰਾ ਨੇੜਲੇ ਇਕ ਬਦਲਵੇਂ ਸਥਾਨ 'ਤੇ ਬਣਾਇਆ ਜਾਵੇਗਾ। ਸਾਲ 1947 ਵਿਚ ਬਣੇ ਗੁਰਦੁਆਰਾ ਦਮਦਮਾ ਸਾਹਿਬ ਨੇ ਮੁੱਖ ਤੌਰ 'ਤੇ ਪਾਕਿਸਤਾਨ ਤੋਂ ਆਏ ਪਰਵਾਸੀਆਂ ਦੀ ਸੇਵਾ ਕੀਤੀ।
ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਗਤੀਰੋਧ ਤੋੜਨ ਲਈ ਨਿੱਜੀ ਤੌਰ ‘ਤੇ ਵਿਚਾਰ ਵਟਾਂਦਰੇ ਵਿੱਚ ਦਖ਼ਲ ਦਿੱਤਾ। ਇਸ ਮਸਲੇ ਦਾ ਸੁਖਾਵਾਂ ਹੱਲ ਕੱਢਣ ਲਈ ਉਨ੍ਹਾਂ ਨੇ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਤੇ ਗੁਰਦੁਆਰਾ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਨੂੰ ਢਾਹੁਣ ਦਾ ਕੰਮ ਸ਼ੁਰੂ ਹੋਇਆ। ਜਦੋਂ ਤੱਕ ਗੁਰਦੁਆਰਾ ਨਵੀਂ ਥਾਂ 'ਤੇ ਨਹੀਂ ਬਣ ਜਾਂਦਾ, ਉਦੋਂ ਤੱਕ ਇਹ ਇੱਕ ਅਸਥਾਈ ਥਾਂ 'ਤੇ ਰਹੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ PWD ਵਿਭਾਗ ਦੇ ਡਿਜ਼ਾਇਨ ਅਨੁਸਾਰ ਗੁਰਦੁਆਰੇ ਦੀ ਉਸਾਰੀ ਦਾ ਕੰਮ ਸੌਂਪਿਆ ਗਿਆ ਹੈ।