ਮੁੰਬਈ: ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਚੱਲ ਰਹੇ ਸਿਆਸੀ ਉਲਟਫੇਰ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ।
ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਨੇ ਮਹਾਂਰਾਸ਼ਟਰ ਦੇ ਰਾਜਪਾਲ ਵੱਲੋਂ ਦੇਵੇਂਦਰ ਫੜਨਵੀਸ ਨੂੰ 23 ਨਵੰਬਰ ਨੂੰ ਰਾਜ ਵਿੱਚ ਆਪਣੀ ਸਰਕਾਰ ਬਣਾਉਣ ਦੇ ਸੱਦੇ ਦੇ ਵਿਰੋਧ 'ਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ 'ਚ ਰਾਜਪਾਲ ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵਿਧਾਇਕਾਂ ਦੇ ਸਹੁੰ ਚੁੱਕਣ ਅਤੇ ਫਲੋਰ ਟੈਸਟ ਦੀ ਮੰਗ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਭਾਜਪਾ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਜਿਸ ਤੋਂ ਬਾਅਦ ਐਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਨੂੰ ਵੱਡਾ ਝਟਕਾ ਲਗਿਆ ਹੈ। ਸ਼ਰਦ ਪਵਾਰ ਨੇ ਕਿਹਾ ਕਿ ਉਹ ਅਜੀਤ ਪਵਾਰ ਦੇ ਇਸ ਸਿਆਸੀ ਫ਼ੈਸਲੇ ਦਾ ਸਮਰਥਨ ਨਹੀਂ ਕਰਦੇ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਸ਼ਰਦ ਪਵਾਰ ਨੇ ਉਧਵ ਠਾਕਰੇ ਨਾਲ ਗੱਲਬਾਤ ਕੀਤੀ ਹੈ। ਸ਼ਰਦ ਪਵਾਰ ਨੇ ਸਾਫ਼ ਕਿਹਾ ਹੈ ਕਿ ਭਾਜਪਾ ਦਾ ਸਮਰਥਨ ਕਰਨਾ ਐਨਸੀਪੀ ਦਾ ਫੈਸਲਾ ਨਹੀਂ ਹੈ। ਐਨਸੀਪੀ ਇਸ ਫੈਸਲੇ ਨਾਲ ਨਹੀਂ ਹੈ। ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਨੇ ਪਾਰਟੀ ਤੋੜ ਦਿੱਤੀ। ਉੱਥੇ ਹੀ ਸ਼ਰਦ ਪਵਾਰ ਵੱਲੋਂ ਬੁਲਾਈ ਗਈ ਵਿਧਾਇਕਾਂ ਦੀ ਬੈਠਕਾਂ 'ਚ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦਿਲੀਪ ਪਾਟਿਲ ਨੂੰ ਅਜੀਤ ਪਵਾਰ ਦੀ ਜਗ੍ਹਾ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਹੈ।