ਮੁੰਬਈ: ਮਹਾਰਾਸ਼ਟਰ 'ਚ ਰਾਜਨੀਤਿਕ ਹਲਚਲ ਜਾਰੀ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨਾਲ ਸੰਪਰਕ ਕੀਤਾ ਹੈ। ਆਪਣੇ ਅਖ਼ਬਾਰ ਸਾਮਨਾ ਵਿੱਚ ਸ਼ਿਵ ਸੈਨਾ ਨੇ ਅੱਜ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਭਾਜਪਾ 50-50 ਫਾਰਮੂਲੇ ਦੀ ਮੰਗ 'ਤੇ ਸਹਿਮਤ ਨਹੀਂ ਹੋਈ ਤਾਂ ਪਾਰਟੀ ਦੂਜੇ ਵਿਕਲਪ ਦੀ ਭਾਲ ਕਰੇਗੀ। ਐਤਵਾਰ ਦੁਪਹਿਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜੀਤ ਪਵਾਰ ਨੇ ਕਿਹਾ, ‘ਮੈਨੂੰ ਕੁੱਝ ਸਮਾਂ ਪਹਿਲਾਂ ਸੰਜੇ ਰਾਉਤ ਦਾ ਸੰਦੇਸ਼ ਮਿਲਿਆ ਸੀ ਪਰ ਮੈਂ ਇੱਕ ਮੀਟਿੰਗ ਵਿੱਚ ਸੀ ਤਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਕੁੱਝ ਸਮੇਂ ਬਾਅਦ ਮੈਂ ਉਨ੍ਹਾਂ ਨੂੰ ਫ਼ੋਨ ਕਰਾਂਗਾ ਤੇ ਉਨ੍ਹਾਂ ਨਾਲ ਗੱਲ ਕਰਾਂਗਾ।'
ਅਜੀਤ ਪਵਾਰ ਨੇ ਕਿਹਾ, 'ਸ਼ਿਵ ਸੈਨਾ ਨਾਲ ਭਾਈਵਾਲੀ ਦਾ ਕੋਈ ਵੀ ਫੈਸਲਾ ਸ਼ਰਦ ਪਵਾਰ ਹੀ ਲੈ ਸਕਦਾ ਹੈ।' 78 ਸਾਲਾ ਸ਼ਰਦ ਪਵਾਰ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ।
ਸ਼ਿਵ ਸੈਨਾ ਦੇ ਅਖ਼ਬਾਰ 'ਚ ਛਪੀ ਸੰਪਾਦਕੀ ਵਿੱਚ ਸ਼ਿਵ ਸੈਨਾ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰੇ ਜਾਂ ਸਦਨ ਵਿੱਚ ਬਹੁਮਤ ਸਾਬਤ ਕਰੇ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 105 ਅਤੇ ਸ਼ਿਵ ਸੈਨਾ ਨੂੰ 56 ਸੀਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ: ਫਜ਼ਲੂਰ ਰਹਿਮਾਨ ਦੀ ਇਮਰਾਨ ਖਾਨ ਨੂੰ ਚੇਤਾਵਨੀ, ਦੋ ਦਿਨਾਂ ਦੇ ਅੰਦਰ ਦੇਣ ਅਸਤੀਫ਼ਾ
ਸੰਪਾਦਕੀ ਦੇ ਅਨੁਸਾਰ, "ਜੇ ਭਾਜਪਾ ਆਪਣਾ ਬਹੁਮਤ ਸਾਬਤ ਕਰਨ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਸ਼ਿਵ ਸੈਨਾ ਦੂਜੀ ਸੱਭ ਤੋਂ ਵੱਡੀ ਪਾਰਟੀ ਹੋਵੇਗੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।"
ਸੰਪਾਦਕੀ ਦੇ ਅਨੁਸਾਰ, "ਜੇਕਰ ਐਨਸੀਪੀ ਦੇ 54 ਵਿਧਾਇਕ, ਕਾਂਗਰਸ ਦੇ 44 ਵਿਧਾਇਕ ਅਤੇ ਕੁੱਝ ਆਜ਼ਾਦ ਉਮੀਦਵਾਰ ਮਿਲ ਜਾਂਦੇ ਹਨ ਤਾਂ ਅਸੀਂ ਬਹੁਮਤ ਪ੍ਰਾਪਤ ਕਰ ਸਕਦੇ ਹਾਂ।" ਅਜਿਹੇ ਹਾਲਾਤਾਂ ਵਿੱਚ ਸ਼ਿਵ ਸੈਨਾ ਆਪਣੇ ਮੁੱਖ ਮੰਤਰੀ ਦਾ ਪ੍ਰਸਤਾਵ ਵੀ ਦੇ ਸਕਦੀ ਹੈ।