ਭੋਪਾਲ: ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਅੱਜ ਸਾਉਣ ਦੇ ਤੀਸਰੇ ਸੋਮਵਾਰ ਸੀਹੋਰ ਦੇ ਗਣੇਸ਼ ਮੰਦਿਰ ਦਰਸ਼ਨ ਕਰਨ ਪੰਹੁਚੇ। ਇਸ ਦੌਰਾਨ ਉਨ੍ਹਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੇ ਰਾਮ ਮੰਦਿਰ ‘ਤੇ ਦਿੱਤੇ ਬਿਆਨ ਨੂੰ ਲੈ ਕੇ ਪਲਟਵਾਰ ਕੀਤਾ। ਉਮਾ ਭਾਰਤੀ ਨੇ ਕਿਹਾ ਕਿ ਪਵਾਰ ਦਾ ਇਹ ਬਿਆਨ ਰਾਮ ਧ੍ਰੋਹੀ ਹੈ, ਸ਼ਰਦ ਪਵਾਰ ਨੇ ਇਹ ਬਿਆਨ ਪੀ.ਐਮ. ਮੋਦੀ ਖਿਲਾਫ ਨਹੀਂ ਭਗਵਾਨ ਰਾਮ ਖਿਲਾਫ਼ ਦਿੱਤਾ ਹੈ।
ਉਮਾ ਭਾਰਤੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਕੁਝ ਘੰਟਿਆਂ ਲਈ ਉਥੇ ਜਾਣਗੇ ਤਾਂ ਕਿਹੜਾ ਅਰਥਵਿਵਸਥਾ ‘ਤੇ ਅਸਰ ਪੈ ਜਾਵੇਗਾ। ਪੀ.ਐਮ. 4 ਘੰਟਿਆਂ ਤੋਂ ਵੱਧ ਸੌਂਦੇ ਨਹੀਂ ਹਨ ਤੇ 24 ਘੰਟੇ ਕੰਮ ਕਰਦੇ ਹਨ। ਅੱਜ ਤੱਕ ਉਨ੍ਹਾਂ ਨੇ ਕੋਈ ਛੁੱਟੀ ਨਹੀਂ ਲਈ।
ਨੇਪਾਲ ਦੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਪ੍ਰਤੀਕਿਰਿਆ
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵੱਲੋਂ ਭਗਵਾਨ ਰਾਮ ਨੂੰ ਨੇਪਾਲੀ ਦੱਸੇ ਜਾਣ ਵਾਲੇ ਬਿਆਨ ‘ਤੇ ਉਮਾ ਭਾਰਤੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਭਗਵਾਨ ਰਾਮ ਨੇਪਾਲੀ ਹਨ ਤਾਂ ਨੇਪਾਲ ‘ਚ ਰਾਮ ਮੰਦਿਰ ਬਣਵਾ ਦੇਣ।
ਸ਼ਰਦ ਪਵਾਰ ਦਾ ਬਿਆਨ
ਦੱਸ ਦਈਏ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਲੌਕਡਾਉਨ ਮਗਰੋਂ ਪ੍ਰਭਾਵਿਤ ਹੋਈ ਅਰਥਵਿਵਸਥਾ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਰਾਮ ਮੰਦਿਰ ਬਣਾਉਣ ਨਾਲ ਕੋਰੋਨਾ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਨੂੰ ਖ਼ਤਮ ਕਰਨ ਲਈ ਕੰਮ ਹੋਣਾ ਚਾਹੀਦਾ ਹੈ।