ਸਲੇਮ: ਤਾਮਿਲਨਾਡੂ ਦੇ ਸਲੇਮ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ, ਇੱਕ ਬਜ਼ੁਰਗ ਵਿਅਕਤੀ ਨੂੰ ਮ੍ਰਿਤਕ ਸਮਝ ਕੇ ਉਸ ਦੇ ਰਿਸ਼ਤੇਦਾਰ ਨੇ ਉਸ ਨੂੰ ਫ੍ਰੀਜ਼ਰ ਬਾਕਸ ਵਿੱਚ ਰੱਖਵਾ ਦਿੱਤਾ, ਤਾਂ ਕਿ ਪਰਿਵਾਰ ਦੇ ਆਉਣ ਤੱਕ ਸਰੀਰ ਖ਼ਰਾਬ ਨਾ ਹੋ ਜਾਵੇ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ 24 ਘੰਟੇ ਫ੍ਰੀਜ਼ਰ ਵਿੱਚ ਰਹਿਣ ਤੋਂ ਬਾਅਦ ਵੀ ਬਜ਼ੁਰਗ ਸਹੀ ਸਲਾਮਤ ਹੈ।
ਡੀਐਮਕੇ ਦੇ ਸਾਬਕਾ ਕੌਂਸਲਰ ਅਤੇ ਪੁਲਿਸ ਦੁਆਰਾ ਸਮੇਂ ਸਿਰ ਕਾਰਵਾਈ ਕਰਕੇ ਇੱਕ 73 ਸਾਲਾ ਵਿਅਕਤੀ ਦੀ ਜਾਨ ਬਚਾਈ, ਜਿਸ ਨੂੰ ਉਸ ਦੇ ਆਪਣੇ ਭਰਾ ਨੇ 24 ਘੰਟੇ ਫ੍ਰੀਜ਼ਰ ਬਾਕਸ ਵਿੱਚ ਰੱਖਿਆ। ਡਾਕਟਰ ਇਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨ ਰਹੇ ਹਨ। ਇਸ ਸਮੇਂ ਬਜ਼ੁਰਗ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
ਕੰਦਮਪੱਟੀ ਵਿੱਚ ਪੁਰਾਣੇ ਹਾਊਸਿੰਗ ਬੋਰਡ ਦੇ 73 ਸਾਲਾ ਬਾਲਸੁਬਰਾਮਣਿਆ ਕੁਮਾਰ ਆਪਣੇ ਛੋਟੇ ਭਰਾ ਸਰਾਵਣਨ ਦੇ ਨਾਲ ਰਹਿੰਦਾ ਹੈ। ਸੋਮਵਾਰ ਨੂੰ, ਸਰਾਵਾਣਨ ਨੇ ਸ਼ਹਿਰ ਵਿੱਚ ਇੱਕ ਫ੍ਰੀਜ਼ਰ ਬਾਕਸ ਕੰਪਨੀ ਕੋਲ ਪਹੁੰਚ ਕੀਤੀ ਅਤੇ ਉਸ ਨੂੰ ਬਾਲਸੁਬਰਾਮਣਿਆ ਕੁਮਾਰ ਦੀ ਲਾਸ਼ ਰੱਖਣ ਲਈ ਇੱਕ ਬਾਕਸ ਦੇਣ ਲਈ ਕਿਹਾ। ਉਸ ਦੇ ਕਹਿਣ 'ਤੇ ਕਰਮਚਾਰੀਆਂ ਨੇ ਇਹ ਬਾਕਸ ਸ਼ਾਮ 4 ਵਜੇ ਦੇ ਕਰੀਬ ਸਰਾਵਣਨ ਦੇ ਘਰ ਰੱਖਵਾ ਦਿੱਤਾ।
ਉਨ੍ਹਾਂ ਨੇ ਸਾਰਾਵਾਣਨ ਨੂੰ ਕਿਹਾ ਕਿ ਉਹ ਮੰਗਲਵਾਰ ਸ਼ਾਮ ਨੂੰ ਬਾਕਸ ਵਾਪਸ ਲੈ ਜਾਣਗੇ। ਜਦੋਂ ਫ੍ਰੀਜ਼ਰ ਬਾਕਸ ਕੰਪਨੀ ਦੇ ਕਰਮਚਾਰੀ ਮੰਗਲਵਾਰ ਸ਼ਾਮ ਨੂੰ ਚਾਰ ਵਜੇ ਬਾਕਸ ਨੂੰ ਵਾਪਿਸ ਲੈਣ ਲਈ ਘਰ ਆਏ, ਤਾਂ ਉਨ੍ਹਾਂ ਨੇ ਫ਼ਰੀਜ਼ਰ ਬਾਕਸ ਦੇ ਅੰਦਰ ਸਰੀਰ ਵਿੱਚ ਕੁੱਝ ਹਿਲਜੁਲ ਦੇਖੀ। ਇਸ ਤੋਂ ਹੈਰਾਨ ਹੋ ਕੇ, ਉਨ੍ਹਾਂ ਨੇ ਡੀਐਮਕੇ ਦੇ ਸਾਬਕਾ ਡੀਐਮਕੇ ਕੌਂਸਲਰ ਵੀ. ਦੇਵਲਿੰਗਮ ਨੂੰ ਇਸ ਬਾਰੇ ਦੱਸਿਆ।
ਜਦੋਂ ਪੁੱਛਗਿੱਛ ਕੀਤੀ ਗਈ, ਸਰਵਾਣਨ ਨੇ ਜਵਾਬ ਦਿੱਤਾ ਕਿ 'ਆਤਮਾ' ਅਜੇ ਵੀ ਬਾਲਸੁਬਰਾਮਣਿਆ ਦੇ ਸਰੀਰ ਵਿੱਚ ਸੀ ਅਤੇ ਉਹ ਸਰੀਰ ਛੱਡਣ ਦੀ ਉਡੀਕ ਕਰ ਰਹੀ ਸੀ। ਇਹ ਸੁਣ ਕੇ ਹੈਰਾਨ ਸਾਬਕਾ ਕੌਂਸਲਰ ਦੇਵਲਿੰਗਮ ਨੇ ਸੁਰਮੰਗਲਮ ਪੁਲਿਸ ਨੂੰ ਅਲਰਟ ਕੀਤਾ ਅਤੇ ਬਾਲਸੁਬਰਾਮਣਿਆ ਨੂੰ ਫ੍ਰੀਜ਼ਰ ਬਾਕਸ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ।
ਪੁਲਿਸ ਦੇ ਅਨੁਸਾਰ ਬਾਲਸੁਬਰਾਮਣਿਆ ਕੁਮਾਰ ਦੇ ਭਰਾ ਸਰਵਾਣਨ ਨੇ ਸੋਮਵਾਰ ਨੂੰ ਇੱਕ ਫ੍ਰੀਜ਼ਰ ਬਾਕਸ ਕਿਰਾਏ ਉੱਤੇ ਲਿਆ ਸੀ। ਉਸ ਨੇ ਫ੍ਰੀਜ਼ਰ ਬਾਕਸ ਕੰਪਨੀ ਦੇ ਕਰਮਚਾਰੀ ਨੂੰ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ, ਇਸ ਲਈ ਉਸ ਨੂੰ ਇੱਕ ਫ੍ਰੀਜ਼ਰ ਬਾਕਸ ਦੀ ਜ਼ਰੂਰਤ ਹੈ। ਪੁਲਿਸ ਅਨੁਸਾਰ ਛੋਟੇ ਭਰਾ ਦੀ ਮਾਨਸਿਕ ਸਥਿਤੀ ਚੰਗੀ ਨਹੀਂ ਹੈ। ਇਸ ਸਮੇਂ ਡਾਕਟਰ ਦੀ ਸਲਾਹ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।