ਨਵੀਂ ਦਿੱਲੀ: ਮਸ਼ਹੂਰ ਕ੍ਰਿਕੇਟਰ ਸਹਿਵਾਗ ਦੀ ਪਤਨੀ ਆਰਤੀ ਨੇ ਦਿੱਲੀ ਦੀ ਇੱਕ ਕੰਪਨੀ ਨਾਲ ਹਿੱਸੇਦਾਰੀ ਤਾਂ ਕਰ ਲਈ, ਪਰ ਆਰਤੀ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਇਸਦਾ ਨਤੀਜਾ ਇੰਨਾ ਮਹਿੰਗਾ ਪੈ ਜਾਵੇਗਾ। ਫਰਾਡ ਕੰਪਨੀ ਦੇ ਮਾਲਿਕਾਂ ਨੇ ਆਰਤੀ ਦੇ ਨਾਂਅ 'ਤੇ ਨਕਲੀ ਦਸਤਖ਼ਤ ਦਾ ਇਸਤੇਮਾਲ ਕਰ ਕੇ 4.5 ਕਰੋੜ ਰੁਪਏ ਦਾ ਲੋਨ ਲੈ ਲਿਆ। ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਰਕਮ ਵਾਪਿਸ ਨਾ ਕਰਨ ਉੱਤੇ ਉਨ੍ਹਾਂ ਦੇ ਘਰ ਕੋਰਟ ਦਾ ਨੋਟਿਸ ਆ ਗਿਆ।
ਆਰਤੀ ਸਹਿਵਾਗ ਨੇ ਇਸ ਫਰਾਡ ਨੂੰ ਲੈ ਕੇ ਐਫਆਈਆਰ ਵੀ ਦਰਜ ਕਰਵਾਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁਨਾਫ਼ਾ ਕਮਾਉਣ ਲਈ ਲਗਾਇਆ ਸੀ ਪੈਸਾ
ਆਰਤੀ ਦਾ ਕਹਿਣਾ ਹੈ ਕਿ ਉਹ ਅਸ਼ੋਕ ਵਿਹਾਰ ਸਥਿਤ ਇੱਕ ਕੰਪਨੀ ਵਿੱਚ ਪਾਰਟਨਰ ਹੈ। ਇਸ ਕੰਪਨੀ ਦੇ ਡਾਇਰੈਕਟਰ ਰੋਹਿਤ ਕੱਕੜ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕੰਪਨੀ ਵਿੱਚ ਪੈਸੇ ਲਗਾਕੇ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਮਿਲੇਗਾ। ਇਸ ਲਈ ਉਨ੍ਹਾਂ ਨੇ ਸਿਰਫ਼ ਪੈਸਾ ਲਗਾਇਆ ਸੀ। ਉਸ ਵਕ਼ਤ ਉਨ੍ਹਾਂ ਨੇ ਕੰਪਨੀ ਦੇ ਸਾਰੇ ਪਾਰਟਨਰਜ਼ ਨਾਲ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਉਹ ਕੰਪਨੀ ਵਿੱਚ ਸਰਗਰਮ ਤੌਰ ਉੱਤੇ ਭੂਮਿਕਾ ਨਹੀਂ ਨਿਭਾਵੇਗੀ। ਇਸ ਲਈ ਉਨ੍ਹਾਂ ਨੇ ਬੈਂਕ ਤੋਂ ਉਨ੍ਹਾਂ ਦੇ ਦਸਤਖ਼ਤ ਸਬੰਧੀ ਕੋਈ ਵੀ ਕੰਮ ਆਪਣੇ ਕੋਲ ਨਹੀਂ ਲਿਆ ਸੀ।
ਆਰਤੀ ਸਹਿਵਾਗ ਦੇ ਨਾਂਅ ਉੱਤੇ ਲਿਆ ਲੋਨ
ਇਸ ਕੰਪਨੀ ਦੇ 8 ਮੈਬਰਾਂ ਨੇ ਮਾਲਵੀਅ ਨਗਰ ਸਥਿਤ ਲਖਨ ਪਾਲ ਪ੍ਰਮੋਟਰਜ਼ ਐਂਡ ਬਿਲਡਰਸ ਪ੍ਰਾਇਵੇਟ ਲਿਮਿਟੇਡ ਨਾਮਕ ਕੰਪਨੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ 4.5 ਕਰੋੜ ਰੁਪਏ ਦਾ ਲੋਨ ਲੈ ਲਿਆ। ਇਸ ਲੋਨ ਲਈ ਉਨ੍ਹਾਂ ਆਰਤੀ ਤੋਂ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ। ਮੁਲਜ਼ਮਾਂ ਨੇ ਲੋਨ ਲੈਣ ਲਈ ਆਰਤੀ ਸਹਿਵਾਗ ਅਤੇ ਉਨ੍ਹਾਂ ਦੇ ਪਤੀ ਸਹਿਵਾਗ ਦੇ ਨਾਂਅ ਦਾ ਇਸਤੇਮਾਲ ਕੀਤਾ ਹੈ। ਆਰਤੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਲੋਨ ਲੈਣ ਲਈ ਦਸਤਾਵੇਜ਼ਾਂ 'ਤੇ ਉਨ੍ਹਾਂ ਦੇ ਫਰਜ਼ੀ ਦਸਤਖ਼ਤ ਵੀ ਇਨ੍ਹਾਂ ਲੋਕਾਂ ਨੇ ਲੈ ਲਏ ਅਤੇ ਇਸ ਲੋਨ ਬਾਰੇ ਆਰਤੀ ਨੂੰ ਕੋਈ ਜਾਣਕਾਰੀ ਨਹੀਂ ਸੀ।
ਨੋਟਿਸ ਮਿਲਣ 'ਤੇ ਹੋਇਆ ਸਾਜ਼ਿਸ਼ ਦਾ ਖੁਲਾਸਾ
ਇਹ ਰਕਮ ਜਦੋਂ ਇਸ ਲੋਕਾਂ ਨੇ ਵਾਪਸ ਨਹੀਂ ਕੀਤੀ ਤਾਂ ਕੰਪਨੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉੱਥੇ ਹੀ ਇੱਕ ਨੋਟਿਸ ਆਰਤੀ ਸਹਿਵਾਗ ਕੋਲ ਵੀ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਿਸੇ ਕੰਪਨੀ ਨੇ ਉਨ੍ਹਾਂ ਦੇ ਨਾਂਅ 'ਤੇ ਲੋਨ ਲਿਆ ਹੈ। ਉਨ੍ਹਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਦਸਤਾਵੇਜ਼ 'ਤੇ ਉਹ ਆਪਣੇ ਸਾਈਨ ਵੇਖਕੇ ਹੈਰਾਨ ਰਹਿ ਗਈ, ਕਿਉਂਕਿ ਉਸਨੇ ਦਸਤਖ਼ਤ ਕੀਤੇ ਹੀ ਨਹੀਂ ਸਨ। ਇਸ ਤੋਂ ਬਾਅਦ ਉਨ੍ਹਾਂ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।