ਮੁੰਬਈ: ਦੇਸ਼ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ 'ਚ ਸਥਿਤ ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦਾ ਧਮਕੀ ਭਰਿਆ ਫੌ਼ਨ ਆਇਆ ਹੈ। ਇਹ ਫੋਨ ਪਾਕਿਸਤਾਨ ਤੋਂ ਤਾਜ ਹੋਟਲ ਲਈ ਆਇਆ ਦੱਸਿਆ ਜਾ ਰਿਹਾ ਹੈ। ਫੋਨ 'ਤੇ ਉਸ ਆਦਮੀ ਨੇ ਕਿਹਾ, "ਸਾਰਿਆਂ ਨੇ ਕਰਾਚੀ ਸਟਾਕ ਐਕਸਚੇਂਜ' ਉੱਤੇ ਅੱਤਵਾਦੀ ਹਮਲਾ ਦੇਖਿਆ। ਹੁਣ ਤਾਜ ਹੋਟਲ ਵਿੱਚ 26/11 ਦਾ ਹਮਲਾ ਇੱਕ ਵਾਰ ਮੁੜ ਹੋਵੇਗਾ।"
ਮੁੰਬਈ ਪੁਲਿਸ ਨੂੰ ਤੁਰੰਤ ਇਸ ਫ਼ੋਨ ਕਾਲ ਦੀ ਜਾਣਕਾਰੀ ਦਿੱਤੀ ਗਈ ਹੈ। ਮੁੰਬਈ ਪੁਲਿਸ ਨੇ ਸੁਰੱਖਿਆ ਤਾਜ ਹੋਟਲ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਰਾਤੋ ਰਾਤ ਮੁੰਬਈ ਪੁਲਿਸ ਅਤੇ ਹੋਟਲ ਸਟਾਫ ਨੇ ਮਿਲ ਕੇ ਸੁਰੱਖਿਆ ਦਾ ਮੁਆਇਨਾ ਕੀਤਾ। ਇੱਥੇ ਆਉਣ ਵਾਲੇ ਮਹਿਮਾਨਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਦੱਖਣੀ ਮੁੰਬਈ ਵਿਚ ਪੁਲਿਸ ਨੇ ਨਾਕਾਬੰਦੀ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਮੁੰਬਈ ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਲਗਭਗ 60 ਘੰਟੇ ਚੱਲੇ ਇਸ ਹਮਲੇ ਵਿੱਚ 166 ਤੋਂ ਵੱਧ ਲੋਕ ਮਾਰੇ ਗਏ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ। ਮਰਨ ਵਾਲਿਆਂ ਵਿਚ 28 ਵਿਦੇਸ਼ੀ ਨਾਗਰਿਕ ਵੀ ਸਨ। ਇਸ ਹਮਲੇ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਅੱਤਵਾਦੀ ਅਜਮਲ ਕਸਾਬ ਮੁੰਬਈ ਅੱਤਵਾਦੀ ਹਮਲੇ ਵਿੱਚ ਜ਼ਿੰਦਾ ਫੜਿਆ ਗਿਆ ਸੀ। ਇਸ ਘਟਨਾ ਬਾਰੇ ਉਸ ਕੋਲੋਂ ਭਾਰਤੀ ਜਾਂਚ ਏਜੰਸੀਆਂ ਨੇ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ, ਜਿਸ ਨੇ ਇਸ ਘਟਨਾ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਕਸਾਬ ਨੂੰ 21 ਸਤੰਬਰ 2012 ਦੀ ਸਵੇਰ ਨੂੰ ਪੁਣੇ ਦੀ ਯਰਵਦਾ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ।