ਨਵੀਂ ਦਿੱਲੀ: ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਯੂਪੀ ਦੇ ਸਾਬਕਾ ਪੁਲਿਸ ਮੁਖੀ ਵਿਕਰਮ ਸਿੰਘ ਵੱਲੋਂ ਦਾਖ਼ਲ ਕੀਤੀ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਨਿਯਮਾਂ ਦੀ ਉਲੰਘਣਾ ਵਿਰੁੱਧ ਦਰਜ ਕੀਤੀਆਂ ਐਫਆਈਆਰਜ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਜਸਟਿਸ ਭੂਸ਼ਣ ਨੇ ਪਟੀਸ਼ਨਕਰਤਾ ਨੂੰ ਸਵਾਲ ਕੀਤਾ ਕਿ ਜੇ ਐਫਆਈਆਰ ਨਾ ਹੋਈ ਤਾਂ ਤਾਲਾਬੰਦੀ ਨੂੰ ਕਿਵੇਂ ਲਗਾਇਆ ਜਾਵੇਗਾ। ਜਸਟਿਸ ਭੂਸ਼ਣ ਨੇ ਕਿਹਾ, "ਅਸੀਂ ਹੈਰਾਨ ਹਾਂ ਕਿ ਇਸ ਅਦਾਲਤ ਵਿੱਚ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਕਿਉਂ ਆ ਰਹੀਆਂ ਹਨ।"
ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਐਫਆਈਆਰਜ਼ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਵਿਰੁੱਧ ਹਨ ਜੋ ਸਿਰਫ਼ ਏਟੀਐਮ ਤੋਂ ਪੈਸੇ ਕਢਵਾ ਰਹੇ ਸਨ। ਇਸ ਲਈ ਇਨ੍ਹਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਜਸਟਿਸ ਭੂਸ਼ਣ ਨੇ ਇਸ ਪਟੀਸ਼ਨ ਪਿੱਛੇ ਏਜੰਡਾ ਦੱਸਦਿਆਂ ਇਸ ਨੂੰ ਖਾਰਜ ਕਰ ਦਿੱਤਾ।