ਨਵੀਂ ਦਿੱਲੀ: ਦਿੱਲੀ ਵਿੱਚ ਗੁਰਦੁਆਰਿਆਂ ਦੀ ਪ੍ਰਬੰਧਕੀ ਨੂੰ ਲੈ ਕੇ ਸਿਆਸਤ ਲਗਾਤਾਰ ਭੱਖਦੀ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿਛਲੇ ਸੱਤ ਸਾਲ ਦਾ ਰਿਪੋਰਟ ਕਾਰਡ ਜਾਰੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਸਰਨਾ ਨੇ ਕਈ ਸਵਾਲ ਚੁੱਕੇ ਜਿਨ੍ਹਾਂ ਵਿੱਚ ਸਕੂਲਾਂ ਕਾਲਜਾਂ 'ਚ ਦਿਨੋਂ-ਦਿਨ ਘੱਟ ਹੋ ਰਹੀ ਬੱਚਿਆਂ ਦੀ ਗਿਣਤੀ ਅਤੇ ਅਧਿਆਪਕਾਂ ਦੀ ਤਨਖ਼ਾਹਾਂ 'ਚ ਵਾਧਾ ਨਾ ਕਰਨਾ ਮੁੱਖ ਸਨ।
ਇਸਦੇ ਨਾਲ ਹੀ ਸਰਨਾ ਨੇ ਇਹ ਵੀ ਕਿਹਾ ਕਿ ਮੌਜੂਦਾ ਪ੍ਰਬੰਧਕ ਕਮੇਟੀ ਨੇ ਸੰਗਤ ਨਾਲ ਧੋਖਾ ਕੀਤਾ ਹੈ। ਸਰਨਾ ਵੱਲੋਂ ਦਿੱਲੀ ਵਿਖੇ ਗੁਰਦੁਆਰਾ ਬਾਲਾ ਸਾਹਿਬ ਪ੍ਰੋਜੈਕਟ ਲਈ ਵ੍ਹਾਈਟ ਪੇਪਰ ਨਾ ਜਾਰੀ ਕਰਨ 'ਤੇ ਵੀ ਸਵਾਲ ਚੁੱਕੇ ਗਏ ਅਤੇ ਇਸ ਦੇ ਨਾਲ ਹੀ ਗੁਰੂ ਘਰ ਦੇ ਖ਼ਜ਼ਾਨੇ 'ਚ ਹੇਰ ਫੇਰ ਕੀਤੇ ਜਾਣ ਦੀ ਵੀ ਗੱਲ ਆਖੀ। ਸਰਨਾ ਵੱਲੋਂ ਦੋਸ਼ ਲਗਾਏ ਗਏ ਕਿ ਅੱਜ ਤੱਕ ਭ੍ਰਿਸ਼ਟਾਚਾਰ ਨੂੰ ਲੈ ਕੇ ਉਨ੍ਹਾਂ ਦੇ ਉੱਤੇ ਲਗਾਏ ਦੋਸ਼ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਾਬਿਤ ਨਹੀਂ ਕਰ ਸਕੇ।
ਸਰਨਾ ਨੇ ਜਾਣਕਾਰੀ ਦਿੱਤੀ ਕਿ ਅਗਲੇ ਮਹੀਨੇ ਦੀ 20 ਤਰੀਕ ਨੂੰ ਇੱਕ ਵਫ਼ਦ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਜਾਵੇਗਾ ਅਤੇ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦੇ 100 ਸਾਲਾਂ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਭਾਗ ਲਵੇਗਾ। ਜੇਕਰ ਵੀਜ਼ਾ ਮਿਲਿਆ ਤਾਂ ਪਿਸ਼ਾਵਰ ਵਿੱਚ ਕਤਲ ਕੀਤੇ ਸਿੱਖ ਨੌਜਵਾਨ ਦੇ ਪਰਿਵਾਰ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਜ਼ਰੂਰ ਮਿਲਣਗੇ ।