ਨਵੀਂ ਦਿੱਲੀ: ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਸ਼੍ਰੋਮਣੀ ਅਕਾਲੀ ਦਲ (ਸ੍ਰ) ਨੂੰ ਨੈਸ਼ਨਲ ਡੈਮੋਕਰੇਟਿਕ ਗਠਜੋੜ (ਐਨਡੀਏ) ਤੋਂ ਵੱਖ ਹੋਣ ਬਾਰੇ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਐਨਡੀਏ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਿਵ ਸੈਨਾ ਨਾ ਹੋਵੇ, ਉਹ ਉਸ ਨੂੰ ਐਨਡੀਏ ਨਹੀਂ ਮੰਨਦੇ। ਇਸ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਅਕਾਲੀ ਦਲ ਨੇ ਕਿਸਾਨਾਂ ਦੇ ਦਬਾਅ ਹੇਠ ਐਨਡੀਏ ਤੋਂ ਅਲਗ ਹੋਣ ਦਾ ਫ਼ੈਸਲਾ ਲਿਆ ਹੈ।
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ, 'ਐਨਡੀਏ ਦੇ ਮਜ਼ਬੂਤ ਥੰਮ ਸ਼ਿਵ ਸੈਨਾ ਅਤੇ ਅਕਾਲੀ ਦਲ ਸਨ। ਸ਼ਿਵ ਸੈਨਾ ਨੂੰ ਐਨਡੀਏ ਤੋਂ ਅਲਗ ਹੋਣ ਲਈ ਮਜਬੂਰ ਹੋਣਾ ਪਿਆ, ਹੁਣ ਅਕਾਲੀ ਦਲ ਛੱਡ ਗਿਆ। ਐਨਡੀਏ ਨੂੰ ਹੁਣ ਨਵੇਂ ਭਾਈਵਾਲ ਮਿਲ ਗਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ, ਜਿਸ ਗਠਜੋੜ ਵਿੱਚ ਸ਼ਿਵ ਸੈਨਾ ਅਤੇ ਅਕਾਲੀ ਦਲ ਨਹੀਂ ਹਨ, ਮੈਂ ਉਸ ਨੂੰ ਐਨਡੀਏ ਨਹੀਂ ਮੰਨਦਾ।'
ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਫੈਸਲੇ ਨੂੰ ਅਕਾਲੀ ਦਲ ਵੱਲੋਂ ਸਿਆਸੀ ਲਾਚਾਰੀ ਕਰਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਅਕਾਲੀ ਦਲ ਲਈ ਪੰਜਾਬ ਜਾਂ ਕੇਂਦਰ ਵਿੱਚ ਕੋਈ ਜਗ੍ਹਾ ਨਹੀਂ ਹੈ। ਕੈਪਟਨ ਨੇ ਕਿਹਾ ਹੈ ਕਿ ਭਾਜਪਾ ਨੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਬਚਿਆ ਸੀ।