ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੇ ਨਾਲ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਸ਼ਰਾਬ ਖ਼ਰੀਦਣ ਦੇ ਨਾਂਅ 'ਤੇ ਠੱਗਾਂ ਨੇ ਸੰਜੇ ਬਾਰੂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਸੰਜੇ ਬਾਰੂ ਨੇ ਦੱਖਣੀ ਦਿੱਲੀ ਦੇ ਹੌਜ਼ ਖਾਸ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਹੈ।
ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਆਨਲਾਈਨ ਠੱਗਾਂ ਨੇ ਸੰਜੇ ਬਾਰੂ ਨਾਲ 24 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਓਲਾ ਕੈਬ ਚਾਲਕ ਆਬਿਕ ਜਾਵੇਦ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਆਨਲਾਈਨ ਸ਼ਰਾਬ ਦੀ ਫਰਜ਼ੀ ਵੈਬਸਾਈਟ ਬਣਾ ਰੱਖੀ ਸੀ ਅਤੇ ਲੌਕਡਾਊਨ ਦੌਰਾਨ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਿਹਾ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਅਨੁਸਾਰ 2 ਜੂਨ ਨੂੰ ਸੰਜੇ ਬਾਰੂ ਸ਼ਰਾਬ ਖ਼ਰੀਦਣ ਲਈ ਆਨਲਾਈਨ ਸਰਚ ਕਰ ਰਹੇ ਸਨ। ਗੂਗਲ ਸਰਚ ਦੇ ਦੌਰਾਨ ਉਨ੍ਹਾਂ ਨੂੰ ਇੱਕ ਆਨਲਾਈਨ ਦੁਕਾਨ ਮਿਲੀ ਉਥੋਂ ਨੰਬਰ ਲੈ ਉਨ੍ਹਾਂ ਉਸ ਨੂੰ ਫੋਨ ਕੀਤਾ। ਦੂਜੇ ਪਾਸੇ ਤੋਂ, ਉਨ੍ਹਾਂ ਨੂੰ ਆਨਲਾਈਨ ਭੁਗਤਾਨ ਲਈ ਵੀ ਕਿਹਾ ਗਿਆ ਸੀ।
ਦੱਸਣਯੋਗ ਹੈ ਕਿ ਸੰਜੇ ਬਾਰੂ ਪੇਸ਼ਵਰ ਪੱਤਰਕਾਰ ਰਹਿ ਚੁੱਕੇ ਹਨ। ਅਪ੍ਰੈਲ 2018 ਵਿੱਚ, ਸੰਜੇ ਬਾਰੂ ਨੇ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਐਫਆਈਸੀਸੀਆਈ) ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਰੂ ਇੰਟਰਨੈਸ਼ਨਲ ਇੰਸਚਿਟੀਊਟ ਆਫ ਸਟਰੈਟਜਿਕ ਸਟੱਡੀਜ਼ ਦੇ ਜੀਓ ਇਕਨਾਮਿਕ ਐਂਡ ਸਟਰੈਟਜੀ ਦੇ ਡਾਈਰੈਕਟਰ ਵੀ ਰਹਿ ਚੁੱਕੇ ਹਨ।