ਦਿੱਲੀ: ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬਿਆਨਬਾਜ਼ੀ ਦੇ ਵਿਚਕਾਰ, ਹੁਣ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਨੇ ਬੁੱਧਵਾਰ ਨੂੰ ਮੀਟਿੰਗ ਸੱਦੀ ਹੈ। ਕਿਸਾਨ ਮੋਰਚੇ ਦੀ ਇਸ ਮੀਟਿੰਗ ਵਿੱਚ ਸਾਰੇ ਸੰਯੁਕਤ ਆਗੂ ਸ਼ਮੂਲੀਅਤ ਕਰਨਗੇ। ਮੀਟਿੰਗ ਵਿੱਚ ਸਰਕਾਰ ਨਾਲ ਗੱਲਬਾਤ ਕਰਨ ਦੇ ਰਾਹ ਖੋਲ੍ਹਣ ਲਈ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ।
ਇਸ ਮੀਟਿੰਗ ਵਿੱਚ ਲਏ ਜਾਣ ਵਾਲੇ ਫੈਸਲਿਆਂ ਦੀ ਜਾਣਕਾਰੀ ਹੋਰਨਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਉਸ ਦੇ ਅਧਾਰ 'ਤੇ ਅੱਗੇ ਅੰਦੋਲਨ ਜਾਰੀ ਰਹੇਗਾ।
ਸਰਕਾਰ ਨਾਲ ਪਿਛਲੇ 18 ਦਿਨਾਂ ਤੋਂ ਕੋਈ ਰਾਬਤਾ ਨਹੀਂ
ਪਿਛਲੇ 76 ਦਿਨਾਂ ਤੋਂ ਕਿਸਾਨ ਕੁੰਡਲੀ ਸਮੇਤ ਦਿੱਲੀ ਦੀਆਂ ਹੋਰ ਸਰਹੱਦਾਂ 'ਤੇ ਬੈਠੇ ਹਨ ਅਤੇ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਨਾਲ 11 ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ ਹੈ। ਹੁਣ ਗੱਲਬਾਤ ਨੂੰ 18 ਦਿਨਾਂ ਤੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਕਿਸਾਨਾਂ ਨੇ ਚੱਕਾ ਜਾਮ ਵੀ ਕੀਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਉਮੀਦ ਸੀ ਕਿ ਸਰਕਾਰ ਵੱਲੋਂ ਗੱਲਬਾਤ ਦਾ ਪ੍ਰਸਤਾਵ ਆਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ।
ਸਯੁੰਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਮੀਟਿੰਗ ਨਹੀਂ ਹੋਈ। ਇਸ ਲਈ ਬੁੱਧਵਾਰ ਨੂੰ ਬੈਠਕ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਅੰਦੋਲਨ ਦੇ ਅਗਲੇ ਪੜਾਅ ਬਾਰੇ ਵਿਚਾਰ ਵਟਾਂਦਰੇ ਅਤੇ ਐਲਾਨ ਕੀਤੇ ਜਾਣਗੇ। ਹੁਣ ਤੱਕ ਦੇ ਸਰਕਾਰ ਵਲੋਂ ਵਰਤੇ ਰਵੱਈਆ ਤੋਂ ਨਹੀਂ ਲੱਗਦਾ ਕਿ ਸਰਕਾਰ ਕਿਸਾਨੀ ਪ੍ਰਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਗੱਲਬਾਤ ਨਾਲ ਹੀ ਹੱਲ ਹੋਵੇਗਾ ਅਤੇ ਬਿਹਤਰ ਹੋਵੇਗਾ ਕਿ ਸਰਕਾਰ ਗੱਲਬਾਤ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਕਰੇ।
ਇਹ ਵੀ ਪੜ੍ਹੋ: ਸੰਸਦ 'ਚ ਲਿਆਉਣਗੇ ਪ੍ਰਾਈਵੇਟ ਮੈਂਬਰ ਬਿੱਲ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰਨਗੇ ਮੰਗ