ਦਿੱਲੀ : ਦਿੱਲੀ ਤੋਂ ਲਾਹੌਰ ਤਕ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਕਰੀਬ 48 ਘੰਟੇ ਬੰਦ ਰਹਿਣ ਬਾਅਦ ਸੋਮਵਾਰ ਦੁਪਹਿਰ ਤੋਂ ਫਿਰ ਸ਼ੁਰੂ ਕੀਤੀ ਜਾ ਰਹੀ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਿੱਲੀ ਤੋਂ ਲਾਹੌਰ ਦੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਦੁਬਾਰਾ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰੇਲਗੱਡੀ 4 ਮਾਰਚ ਤੋਂ ਆਪਣੇ ਨਿਰਧਾਰਿਤ ਸਮੇਂ 'ਤੇ ਹਫਤੇ ਵਿਚ ਦੋ ਦਿਨ ਚੱਲੇਗੀ।
ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਜੰਮੂ ਤੋਂ ਚੱਲਣ ਵਾਲੀਆਂ ਰੇਲਗੱਡੀਆਂ ਵਿਚ ਵਧੇਰੇ ਮੁਸਤੈਦੀ ਰੱਖਣ ਲਈ ਰੇਲਵੇ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਨੂੰ ਹੁਕਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚਲੇ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਆਦ ਪਾਕਿਸਤਾਨ ਨੇ ਪਹਿਲ ਕਰਦਿਆਂ ਸਮਝੌਤਾ ਐਕਸਪ੍ਰੈਸ ਬੰਦ ਕਰ ਦਿੱਤੀ ਸੀ।
ਇਥੋਂ ਤਕ ਕਿ ਪਾਕਿਸਤਾਨ ਰੇਲਵੇ ਨੇ 28 ਫਰਵਰੀ ਨੂੰ ਭਾਰਤ ਤੋਂ ਵਾਪਸ ਜਾ ਰਹੇ ਆਪਣੇ ਹੀ ਲੋਕਾਂ ਨੂੰ ਲਾਹੌਰ ਤਕ ਲਿਜਾਣ ਲਈ ਰੇਲਗੱਡੀ ਨਹੀਂ ਭੇਜੀ ਸੀ। ਇਸ ਤੋਂ ਬਾਅਦ ਭਾਰਤੀ ਰੇਲ ਅਧਿਕਾਰੀਆਂ ਵੱਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਉਪਰੰਤ ਪਾਕਿਸਤਾਨ ਜਾਣ ਵਾਲੇ ਯਾਤਰੀਆਂ ਨੂੰ ਪਾਕਿਸਤਾਨੀ ਰੇਲ ਅਧਿਕਾਰੀਆਂ, ਪਾਕਿਸਤਾਨੀ ਰੇਂਜਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਅਟਾਰੀ ਰੇਲਵੇ ਸਟੇਸ਼ਨ ਤੋਂ ਬੱਸ ਵਿਚ ਬਿਠਾ ਕੇ ਅਟਾਰੀ ਬਾਰਡਰ ਭੇਜਿਆ ਗਿਆ ਸੀ, ਜਿਥੋਂ ਉਹ ਯਾਤਰੀ ਵਾਹਗਾ ਬਾਰਡਰ ਹੁੰਦੇ ਪਾਕਿਸਤਾਨ ਵਿਚ ਦਾਖਲ ਹੋਏ।