ਚੰਡੀਗੜ੍ਹ: ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ (EPFO) ਛੇਤੀ ਹੀ ਪੈਨਸ਼ਨ ਅਤੇ ਪੀਐਫ ਨਾਲ ਜੁੜੇ ਨਿਯਮ ਬਦਲਣ ਜਾ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਪੈਨਸ਼ਨ ਦੀ ਹੱਦ 58 ਸਾਲ ਤੋਂ ਵਧਾ ਕੇ 60 ਸਾਲ ਤੱਕ ਕੀਤੀ ਜਾ ਸਕਦੀ ਹੈ।
ਇੱਕ ਰਿਪੋਰਟ ਮੁਤਾਬਕ ਈਪੀਐਫ ਐਕਟ 1952 ਨੂੰ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਬਦਲਣ ਪਿੱਛੇ ਵੱਡਾ ਕਾਰਨ ਵਿਸ਼ਵ ਭਰ ਵਿੱਚ ਤੈਅ ਉਮਰ ਦੱਸੀ ਜਾ ਰਹੀ ਹੈ। ਦੁਨੀਆਂ ਦੇ ਜ਼ਿਆਦਾਤਰ ਪੈਨਸ਼ਨ ਫੰਡਾਂ ਵਿੱਚ ਪੈਨਸ਼ਨ ਦੀ ਉਮਰ 65 ਸਾਲ ਤੈਅ ਕੀਤੀ ਗਈ ਹੈ। ਇਸੇ ਨੂੰ ਵੇਖਦਿਆਂ ਪੈਨਸ਼ਨ ਦੀ ਹੱਦ 60 ਸਾਲ ਤੱਕ ਵਧਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਗਲੇ ਮਹੀਨੇ ਈਪੀਐਫਓ ਸੈਂਟਰਲ ਬੋਰਡ ਟਰੱਸਟ ਦੀ ਬੈਠਕ ਵਿੱਚ ਇਸ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨਾਲ ਪੈਨਸ਼ਨ ਫੰਡ ਨੂੰ 30 ਹਜ਼ਾਰ ਕਰੋੜ ਰੁਪਏ ਦੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਨੌਕਰੀ-ਪੇਸ਼ਾ ਲੋਕਾਂ ਦੀ ਰਿਟਾਇਰਮੈਂਟ ਦੀ ਉਮਰ ਵਿੱਚ ਵੀ 2 ਸਾਲ ਦਾ ਵਾਧਾ ਹੋ ਸਕਦਾ ਹੈ। ਬੋਰਡ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਪ੍ਰਸਤਾਵ ਨੂੰ ਕੈਬਿਨੇਟ ਦੀ ਮਨਜ਼ੂਰੀ ਲਈ ਲੇਬਰ ਮੰਤਰਾਲੇ ਕੋਲ ਭੇਜਿਆ ਜਾਵੇਗਾ।