ਬੈਂਗਲੁਰੂ : ਕਰਨਾਟਕ ਦੇ ਵਿੱਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਇਥੇ ਰਾਹਤ ਅਤੇ ਬਚਾਅ ਕਾਰਜ ਕਰਨ ਵਾਲੇ ਪੰਜ ਮੈਂਬਰਾਂ ਦੇ ਰੁੜ ਜਾਣ ਦੀ ਖ਼ਬਰ ਹੈ ਜਦਕਿ ਤਿੰਨ ਹੋਰ ਲੋਕਾਂ ਨੂੰ ਵੀ ਬਚਾ ਲਿਆ ਗਿਆ ਹੈ। ਇਹ ਘਟਨਾ ਹੰਪੀ ਸ਼ਹਿਰ ਦੇ ਨੇੜੇ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹੰਪੀ ਸ਼ਹਿਰ ਦੇ ਨੇੜੇ ਰਾਹਤ ਅਤੇ ਬਚਾਅ ਦਲ ਦੇ ਪੰਜ ਮੈਂਬਰ ਪਾਣੀ ਦੇ ਭਾਰੀ ਵਹਾਅ ਕਾਰਨ ਰੁੜ ਗਏ ਸਨ। ਇਨ੍ਹਾਂ ਵਿੱਚੋਂ ਰੁੜ੍ਹਨ ਵਾਲੇ ਦੋ ਮੈਂਬਰ ਐਨਡੀਆਰਐਫ ਅਤੇ ਤਿੰਨ ਫਾਈਰ ਫਾਈਟਰ ਦਲ ਦੇ ਮੈਂਬਰ ਸਨ। ਫਿਲਹਾਲ ਪੰਜਾਂ ਨੂੰ ਬਚਾ ਲਿਆ ਗਿਆ ਹੈ।
ਇਥੇ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਤ ਹੋਈਆਂ ਸੜਕਾਂ ਨੂੰ ਸਾਫ਼ ਕਰਵਾਏ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਰਨਾਟਕ ਦੇ 17 ਜ਼ਿਲ੍ਹਿਆਂ ਦੇ 80 ਲੱਖ ਲੋਕ ਭਾਰੀ ਮੀਂਹ ਅਤੇ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ। ਸੂਬਾ ਸਰਕਾਰ ਵੱਲੋਂ ਐਤਵਾਰ ਰਾਤ ਨੂੰ ਮ੍ਰਿਤਕਾਂ ਦੀ ਗਿਣਤੀ 40 ਅਤੇ ਲਾਪਤਾ ਲੋਕਾਂ ਦੀ ਗਿਣਤੀ 14 ਦੱਸੀ ਗਈ ਹੈ।
ਬੀਤੀ ਸ਼ਾਮ ਤੋਂ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਫਸੇ ਕੁੱਲ 5,81,702 ਨੂੰ ਸੁਰੱਖਿਤ ਕੱਢ ਲਿਆ ਗਿਆ ਹੈ। ਹੁਣ ਤੱਕ 1168 ਰਾਹਤ ਕੈਪਾਂ ਵਿੱਚ 3,27,354 ਲੋਕਾਂ ਨੂੰ ਪਹੁੰਚਾਇਆ ਗਿਆ ਹੈ ਅਤੇ 50,000 ਤੋਂ ਵੱਧ ਜਾਨਵਰਾਂ ਨੂੰ ਵੀ ਬਚਾਇਆ ਗਿਆ ਹੈ।
ਕਰਨਾਟਕ ਦੇ ਹੜ੍ਹ ਕਾਰਨ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਬਚਾਅ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹੈ। ਇਥੇ ਮੀਂਹ ਦੇ ਰੁਕਣ ਨਾਲ ਪ੍ਰਭਾਵਤ ਇਲਾਕਿਆਂ 'ਚ ਕੁਝ ਹੱਦ ਤੱਕ ਪਾਣੀ ਦਾ ਪੱਧਰ ਘਟਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਠੀਕ ਹੁੰਦੇ ਹੀ ਲਾਪਤਾ ਲੋਕਾਂ ਦੀ ਭਾਲ ਅਤੇ ਫਸੇ ਹੋਏ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।