ਚੰਡੀਗੜ੍ਹ: ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਉਸ ਸ਼ੈਅ ਦੀ ਜਿਸ ਨੇ 15 ਸਤੰਬਰ 1959 ਵਿੱਚ ਚੱਲਣਾ ਸਿੱਖਿਆ ਸੀ ਜਿਸ ਦੇ ਨਾਲ਼ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਤਾਂ ਹੋਈ ਹੀ ਪਰ ਇਸ ਨੇ ਪੰਜਾਬ ਦੇ ਘਰਾਂ ਵਿੱਚ ਕਲੇਸ਼ ਵੀ ਬੜੇ ਕਰਵਾਏ, ਇਸ 'ਤੇ ਕਈ ਗਾਣੇ ਵੀ ਬਣੇ। ਅਸੀਂ ਗੱਲ ਕਰ ਰਹੇ ਹਾਂ ਟੈਲੀਵੀਜ਼ਨ ਦੀ, ਅੱਜ ਦੇ ਦਿਨ ਹੀ ਦਿੱਲੀ ਵਿੱਚ ਟੈਲੀਵੀਜ਼ਨ ਦੇ ਪ੍ਰਸਾਰਨ ਦਾ ਪ੍ਰਯੋਗ ਕੀਤਾ ਗਿਆ ਸੀ।
ਜੇ 80 ਦੇ ਦਹਾਕੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪਿੰਡਾਂ ਵਿੱਚ ਮਸਾਂ ਹੀ ਕਿਸੇ-ਕਿਸੇ ਘਰ ਕੋਲ ਟੀ.ਵੀ. ਹੁੰਦਾ ਸੀ। ਜਿਸ ਦੇ ਘਰ ਟੀਵੀ ਹੁੰਦਾ ਸੀ ਉਸ ਦੇ ਘਰ ਵੇਖਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ। ਉਸ ਵੇਲੇ ਕਈ ਲੋਕਾਂ ਨੇ ਤਾਂ ਟੀਵੀ ਨੂੰ ਸਵੀਕਾਰ ਕਰ ਲਿਆ ਸੀ ਪਰ ਕੁਝ ਲੋਕ ਇਸ ਨੂੰ ਲਾਹਨਤ ਦੱਸਦੇ ਸੀ ਉਨ੍ਹਾਂ ਦਾ ਮੰਨਣਾ ਸੀ ਇਹ ਸੱਭਿਆਚਾਰ ਨੂੰ ਵਿਗਾੜ ਰਿਹਾ ਹੈ।
ਜੇਕਰ ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਟੀਵੀ 'ਤੇ ਕਈ ਗਾਣੇ ਵੀ ਗਾਏ ਗਏ ਜਿਸ ਵਿੱਚ ਉਸ ਵੇਲੇ ਦੇ ਪਰਿਵਾਰਾਂ ਵਿੱਚ ਟੀਵੀ ਲੈਣ ਨੂੰ ਲੈ ਕੇ ਕੀਤੀ ਗਈ ਨੋਕ ਝੋਕ ਵਿਖਾਈ ਗਈ ਹੈ। ਟੀ.ਵੀ. ਦੀ ਗੱਲ ਕਰਦਿਆਂ ਅਨਟੀਨਾਂ ਕਿਵੇਂ ਭੁੱਲ ਸਕਦੇ ਹੈ, ਅਨਟੀਨਾ ਉਹ ਚੀਜ਼ ਸੀ ਜਿਸ ਨੂੰ ਠੀਕ ਕਰਨ ਲਈ ਘਰ ਦਾ ਇੱਕ ਜੀਅ ਛੱਤ ਤੇ ਹੀ ਰਹਿੰਦਾ ਸੀ, ਗੁਆਂਢੀਆਂ ਨੂੰ ਇਹ ਅਵਾਜਾਂ ਸੁਣਦੀਆਂ ਹੀ ਰਹਿੰਦੀਆਂ ਸੀ। ਬੇਸ਼ੱਕ ਅੱਜ ਦਾ ਟਾਇਮ ਆਧੁਨਿਕ ਟਾਇਮ ਹੈ ਅੱਜ ਹਰੇਕ ਕੋਲ ਸਮਾਰਟ ਫ਼ੋਨ ਹੈ ਜਿਸ ਦਾ ਮਤਲਬ ਹਰ ਕਿਸੇ ਦੀ ਜੇਬ ਵਿੱਚ ਟੀਵੀ ਹੈ ਪਰ ਅੱਜ ਵੀ ਘਰਾਂ ਵਿੱਚ ਟੀਵੀ ਨੇ ਆਪਣੀ ਪਕੜ ਜਿਉਂ ਦੀ ਤਿਉਂ ਬਣਾਈ ਹੋਈ ਹੈ।