ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਵਿੱਚ ਪ੍ਰਸਿੱਧ ਚੀਨੀ ਐਪ ਟਿਕ-ਟੌਕ ਵੀ ਸ਼ਾਮਲ ਹੈ। ਭਾਰਤ ਵਿੱਚ ਚੀਨੀ ਐਪ ਦੀ ਪਾਬੰਦੀ ਲੱਗਣ ਤੋਂ ਬਾਅਦ ਦੇਸ਼ ਤੋਂ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਇਸ ਕੜੀ ਵਿੱਚ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰਤੀਕਿਰਿਆ ਦਿੱਤੀ ਕਿ ਸਰਕਾਰ ਨੇ ਇਹ ਕਦਮ ਭਾਰਤ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਕਾਇਮ ਰੱਖਣ ਅਤੇ ਦੇਸ਼ ਵਾਸੀਆਂ ਨੂੰ ਡਿਜੀਟਲ ਸੁਰੱਖਿਆ ਪ੍ਰਦਾਨ ਕਰਨ ਲਈ ਚੁੱਕਿਆ ਹੈ।
ਪ੍ਰਸਾਦ ਨੇ ਕਿਹਾ, 'ਲੋਕਾਂ ਦੀ ਨਿੱਜਤਾ ਬਣਾਈ ਰੱਖਣ ਲਈ ਅਸੀਂ ਟਿਕ-ਟੌਕ ਸਮੇਤ 59 ਐਪਸ 'ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ, 'ਸਾਡੀਆਂ ਸਰਹੱਦਾਂ 'ਤੇ ਨਜ਼ਰ ਰੱਖਣ ਵਾਲੇ ਅਤੇ ਦੇਸ਼ ਵਾਸੀਆਂ ਦੀ ਰੱਖਿਆ ਲਈ ਭਾਰਤ ਡਿਜੀਟਲ ਸਟ੍ਰਾਈਕ ਵੀ ਕਰਨਾ ਜਾਣਦਾ ਹੈ।'
ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੀਜੇ ਦਿਨ ਵੀ ਰਾਹਤ, ਜਾਣੋ ਅੱਜ ਦੇ ਰੇਟ
ਦੱਸ ਦਈਏ ਕਿ ਸੋਮਵਾਰ ਨੂੰ ਦੇਸ਼ ਵਿੱਚ 59 ਚੀਨੀ ਮੋਬਾਈਲ ਐਪਸ 'ਤੇ ਪਾਬੰਦੀ ਲਗਾਈ ਗਈ ਸੀ, ਜਿਸ ਵਿੱਚ ਕਈ ਮਸ਼ਹੂਰ ਐਪਸ ਜਿਵੇਂ ਟਿਕ-ਟੌਕ, ਯੂਸੀ ਬਰਾਊਸਰ, ਸ਼ੇਅਰਈਟ, ਹੈਲੋ ਆਦਿ ਸ਼ਾਮਲ ਸਨ। ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਹ ਕਦਮ ਦੇਸ਼ ਵਿੱਚ ਡਾਟਾ ਅਤੇ ਪ੍ਰਾਈਵੇਸੀ ਦੀ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ ਇੰਟਰਨੈਟ ਕੰਪਨੀਆਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਨ੍ਹਾਂ ਐਪਸ 'ਤੇ ਰੋਕ ਲਗਾਈ ਜਾਵੇ।